ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 568


ਜੈਸੇ ਅਹਿਨਿਸ ਅੰਧਿਆਰੀ ਮਣਿ ਕਾਢ ਰਾਖੈ ਕ੍ਰੀੜਾ ਕੈ ਦੁਰਾਵੈ ਪੁਨ ਕਾਹੂ ਨ ਦਿਖਾਵਹੀ ।

ਜਿਗੇਂ ਸੱਪ ਹਨੇਰੀ ਰਾਤ ਵਿਚ ਆਪਣੀ ਮਣੀ ਕੱਢਕੇ ਰੱਖਦਾ ਹੈ ਤੇ ਖੇਲਦਾ ਹੈ? ਪਰ ਖੇਡ ਖੇਡ ਕੇ ਛੁਪਾ ਲੈਂਦਾ ਹੈ ਤੇ ਫਿਰ ਕਿਸੇ ਨੂੰ ਨਹੀਂ ਦਿਖਾਉਂਦਾ।

ਜੈਸੇ ਬਰ ਨਾਰ ਕਰ ਸਿਹਜਾ ਸੰਜੋਗ ਭੋਗ ਹੋਤ ਪਰਭਾਤ ਤਨ ਛਾਦਨ ਛੁਪਾਵਹੀ ।

ਜਿਵੇਂ ਸ੍ਰੇਸ਼ਟ ਇਸਤ੍ਰੀ ਰਾਤ ਸਮੇਂ ਸਿਹਜਾ ਰਚ ਕੇ ਪੀ ਨਾਲ ਸੰਜੋਗ ਕਰ ਕੇ ਭੋਗ ਦਾ ਰਸ ਮਾਣਦੀ ਹੈ ਪਰ ਸਵੇਰ ਹੁੰਦਿਆਂ ਹੀ ਆਪਣੇ ਸਰੀਰ ਨੂੰ ਕੱਪੜਿਆਂ ਨਾਲ ਢਕ ਲੈਂਦੀ ਹੈ।

ਜੈਸੇ ਅਲ ਕਮਲ ਸੰਪਟ ਅਚਵਤ ਮਧ ਭੋਰ ਭਏ ਜਾਤ ਉਡ ਨਾਤੋ ਨ ਜਨਾਵਹੀ ।

ਜਿਵੇਂ ਭੌਰਾ ਰਾਤੀਂ ਕਵਲ ਦੇ ਡੱਬੇ ਵਿਚ ਬੈਠਾ ਮਧੂ ਰਸ ਸ਼ਹਿਦ ਖਾਂਦਾ ਰਹਿੰਦਾ ਹੈ, ਪਰ ਸਵੇਰ ਹੋਣ ਤੇ ਉਡ ਜਾਂਦਾ ਹੈ ਤੇ ਫੁਲ ਨਾਲ ਕੋਈ ਸੰਬੰਧ ਨੀਂ ਜਣਾਉਂਦਾ।

ਤੈਸੇ ਗੁਰਸਿਖ ਉਠ ਬੈਠਤ ਅੰਮ੍ਰਿਤ ਜੋਗ ਸਭ ਸੁਧਾ ਰਸ ਚਾਖ ਸੁਖ ਤ੍ਰਿਪਤਾਵਹੀ ।੫੬੮।

ਤਿਵੇਂ ਗੁਰਸਿਖ ਅੰਮ੍ਰਿਤ ਵੇਲੇ ਉਠ ਬੈਠਦੇ ਹਨ ਤਾਂ ਸਾਰੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਚੱਖਦੇ ਤੇ ਸੁਖ ਵਿਚ ਤ੍ਰਿਪਤਦੇ ਹਨ, ਪਰ ਇਸ ਮਿਲਾਪ ਨੂੰ ਦਿਨੇ ਕਿਸੇ ਨੂੰ ਜਣਾਉਂਦੇ ਨਹੀਂ ॥੫੬੮॥


Flag Counter