ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 223


ਮਨ ਮ੍ਰਿਗ ਮ੍ਰਿਗਮਦ ਅਛਤ ਅੰਤਰਗਤਿ ਭੂਲਿਓ ਭ੍ਰਮ ਖੋਜਤ ਫਿਰਤ ਬਨ ਮਾਹੀ ਜੀ ।

ਬ੍ਰਹਮਾਨੰਦ ਸਰੂਪੀ ਕਸਤੂਰੀ ਦੇ ਅੰਦਰ ਪ੍ਰਾਪਤ ਹੁੰਦਿਆਂ ਸੁੰਦਿਆਂ ਭੀ ਮਨ ਮਿਰਗਾ ਇਸ ਦੇ ਬਾਹਰ ਹੋਣ ਦੇ ਵਿਖ੍ਯਾਂ ਵਿਖੇ ਸੁਖ ਹੋਣ ਦੇ ਭੁਲੇਖੇ ਕਾਰਣ ਭੁੱਲਿਆ ਹੋਯਾ ਸੰਸਾਰ ਰੂਪ ਜੰਗਲ ਅੰਦਰ ਖੋਜਦਾ ਭਾਲਦਾ ਫਿਰਿਆ ਕਰਦਾ ਹੈ ਜੀ ਭਾਈ ਜਨੋ ਪਿਆਰਿਓ!

ਦਾਦਰ ਸਰੋਜ ਗਤਿ ਏਕੈ ਸਰਵਰ ਬਿਖੈ ਅੰਤਰਿ ਦਿਸੰਤਰ ਹੁਇ ਸਮਝੈ ਨਾਹੀ ਜੀ ।

ਇੱਕੋ ਹੀ ਸਰੋਵਰ ਤਲਾਉ ਅੰਦਰ ਡੱਡੂ ਅਤੇ ਸਰੋਜ ਕੌਲ ਫੁੱਲ ਦੀ ਗਤਿ ਪ੍ਰਵਿਰਤੀ ਵਰਤਮਾਨਤਾ ਵਾ ਨਿਵਾਸ ਹੁੰਦਾ ਹੈ। ਪਰ ਉਸ ਕੌਲ ਫੁੱਲ ਦੇ ਅੰਦਰ ਹੁੰਦਿਆਂ ਭੀ ਓਸ ਡਡੂ ਦੇ ਭਾਣੇ ਕਿਤੇ ਦੂਰ ਟਿਕਾਣੇ ਹੁੰਦਾ ਹੈ, ਓਸ ਨੂੰ ਸੂਝ ਨਹੀਂ ਪੈਂਦੀ ਜੀ ਆਪਣੇ ਅੰਦਰ ਕ੍ਯੋਂਜੁ ਕੌਲ ਫੁਲ ਦੀਆਂ ਕੋਮਲ ਪਤੀਆਂ ਕਸਰੀਆਂ ਵਾ ਉਸ ਦੇ ਫਲ ਆਦਿ ਤਿਆਗ ਕੇ ਜਾਲਾ ਭਖਦਾ ਫਿਰਿਆ ਕਰਦਾ ਹੈ ਐਸਾ ਹੀ ਜੀਵਆਤਮਾ ਪਰਮਾਤਮਾ ਦਾ ਸਦੀਵ ਸਮੀਪੀ ਹੋਣ ਤੇ ਭੀ ਪ੍ਰੇਮ ਰਸ ਨੂੰ ਪ੍ਰੀਤ੍ਯਾਗ ਕਰ ਕੇ ਜਗਤ ਦਿਆਂ ਜੰਜਾਲਾਂ ਵਿਚ ਹੀ ਆਨੰਦ ਨੂੰ ਭਾਲਦਾ ਰਹਿੰਦਾ ਹੈ।

ਜੈਸੇ ਬਿਖਿਆਧਰ ਤਜੈ ਨ ਬਿਖਿ ਬਿਖਮ ਕਉ ਅਹਿਨਿਸਿ ਬਾਵਨ ਬਿਰਖ ਲਪਟਾਹੀ ਜੀ ।

ਜਿਸ ਪ੍ਰਕਾਰ ਸਰਪ ਰਾਤ ਦਿਨ ਬਾਵਨ ਚੰਦਨ ਦੇ ਬੂਟੇ ਨੂੰ ਲਪਟਿਆਂ ਰਹਿ ਕੇ ਭੀ ਦੁਖਦਾਈ ਭਿਆਲਕ ਵਿਹੁ ਨੂੰ ਨਹੀਂ ਤਿਆਗ ਸਕਿਆ ਕਰਦਾ ਇਹ ਓਸ ਦੀ ਧੁਰ ਦੀ ਬਾਣ ਵਾਦੀ ਹੀ ਹੈ ਐਸਾ ਹੀ ਮਨਮੁਖ ਜੀਵ ਸਭ ਭਾਂਤ ਦੀ ਪ੍ਰਵਿਰਤੀ ਵਿਚ ਹੀ ਬ੍ਰਹਮਾਨੰਦ ਰਸ ਦੇ ਝਲਕੇ ਨੂੰ ਮਾਣਦਾ ਹੋਯਾ ਭੀ ਇਸ ਗੱਲ ਤੋਂ ਅਗ੍ਯਾਤ ਰਹਿ ਕੇ ਬਿਖ੍ਯ ਬਾਸਨਾ ਨੂੰ ਅੰਦਰੋਂ ਤਿਆਗਨ ਨਹੀਂ ਕਰ ਸਕਿਆ ਕਰਦਾ।

ਜੈਸੇ ਨਰਪਤਿ ਸੁਪਨੰਤਰ ਭੇਖਾਰੀ ਹੋਇ ਗੁਰਮੁਖਿ ਜਗਤ ਮੈ ਭਰਮ ਮਿਟਾਹੀ ਜੀ ।੨੨੩।

ਅਬਿਨਾਸ਼ੀ ਨਿੱਧੀ ਦਾ ਮਾਲਕ ਹੁੰਦਿਆਂ ਭੀ ਵਾਸਤਵ ਵਿਚ ਇਸ ਜੀਵ ਦੀ ਦਸ਼ਾ ਬਿਲਕੁਲ ਐਸੀ ਹੋ ਰਹੀ ਹੈ ਜੈਸਾ ਕਿ ਸੁਪਨ ਅਵਸਥਾ ਦੇ ਅੰਦਰ ਵਰਤਦੇ ਰਾਜੇ ਦੀ ਭਿਖਾਰੀ ਬਣ ਫਿਰਨ ਵਤ ਹੁੰਦੀ ਹੈ। ਕਾਰਣ ਕੀਹ ਕਿ ਗੁਰਮੁਖ ਬਣ ਕੇ ਹੀ ਜਗਤ ਅੰਦਰਲਾ ਭਰਮ ਇਸ ਜੀਵ ਦਾ ਮਿਟ ਸਕਦਾ ਹੈ। ਤਾਂ ਤੇ ਅਵਿਦਿਆ ਨੀਂਦ ਨਿਵਾਰਣ ਤਥਾ ਭਰਮ ਭੁਲੇਖਿਓਂ ਬਚਨ ਵਾਸਤੇ ਮਨੁੱਖ ਗੁਰਮੁਖਤਾ ਧਾਰਣ ਕਰੇ ॥੨੨੩॥