ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 69


ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ ।

ਜਿਸ ਤਰ੍ਹਾਂ ਬੇੜੀ ਡੁੱਬਦੀ ਵਿਚੋਂ ਜੋ ਕੁਛ ਬਚਾਯਾ ਜਾ ਸਕੇ ਓਹੋ ਹੀ ਚੰਗਾ ਸਮਝਨਾ ਚਾਹੀਏ ਜੋ ਹੁਣੇ ਹੁਣੇ ਪਲ ਘੜੀ ਕਰਦਿਆਂ ਉਹ ਡੁੱਬ ਜਾਏ ਯਾ ਆਪ ਹੀ ਵਿਚ ਡੁਬ ਗਏ ਤਾਂ ਪਿਛੋਂ ਪਛੁਤਾਵਾ ਮਾਤ੍ਰ ਹੀ ਰਹਿ ਜਾਂਦਾ ਹੈ।

ਜੈਸੇ ਘਰ ਲਾਗੇ ਆਗਿ ਜੋਈ ਬਚੈ ਸੋਈ ਭਲੋ ਜਰਿ ਬੁਝੇ ਪਾਛੇ ਕਛੁ ਬਸੁ ਨ ਬਸਾਤ ਹੈ ।

ਜਿਸ ਤਰ੍ਹਾਂ ਅਗ ਲਗੇ ਘਰ ਵਿਚੋਂ ਜੋ ਕੁਛ ਬਚੇ ਸਕੇ, ਓਹੀ ਚੰਗਾ ਰਹਿੰਦਾ ਹੈ ਸੜ ਬੁਝੇ ਪਿਛੋਂ ਤਾਂ ਕੁਛ ਭੀ ਚਾਰਾ ਨਹੀਂ ਚਲ ਸਕ੍ਯਾ ਕਰਦਾ।

ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ ਸੋਇ ਗਏ ਰੀਤੋ ਘਰ ਦੇਖੈ ਉਠਿ ਪ੍ਰਾਤ ਹੈ ।

ਅਰੁ ਐਸਾ ਹੀ ਜਿਸ ਤਰ੍ਹਾਂ ਚੋਰ ਦੇ ਘਰ ਅੰਦਰ ਚੋਰੀ ਕਰਨ ਆਣ ਲਗਿਆਂ ਜਾਗ ਪੈਣ ਤੇ ਜੋ ਕੁਛ ਰਹਿ ਜਾਵੇ ਓਸੇ ਨੂੰ ਹੀ ਭਲਾ ਸਮਝੀ ਦਾ ਹੈ, ਪਰ ਜੇ ਸੋਇ ਗਏ ਅਸਾਡੇ ਸੁੱਤੇ ਸੁੱਤੇ ਹੀ ਉਹ ਚਲਦੇ ਹੋਏ ਤਾਂ ਰੀਤੇ ਘਰ ਖਾਲੀ ਹੋਏ ਘਰ ਨੂੰ ਵਾ ਸਫਾਈ ਵਰਤੀ ਹੀ ਪ੍ਰਾਤਾਕਾਲ ਸਵੇਰੇ ਉਠਕੇ ਦੇਖਣੀ ਪੈਂਦੀ ਹੈ।

ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ ।੬੯।

ਤਿਸੀ ਪ੍ਰਕਾਰ ਅੱਜ ਕੱਲ ਕਰਦਿਆਂ ਯਾ ਭਾਗਾਂ ਦੇ ਜਾਗਣ ਦੀ ਉਡੀਕ ਵਿਚ ਅਥ੍ਵ ਫੁਰਸਤ ਵਿਹਲ ਨੂੰ ਤਕਦਿਆਂ ਤਕਦਿਆਂ ਆਰਬਲਾ ਵੰਜਾ ਚੁੱਕੇ ਹੋ ਤਾਂ ਅੰਤ ਵੇਲੇ ਭੀ ਸਤਿਗੁਰਾਂ ਦੀ ਚਰਨ ਸਰਨ ਆਨ ਪ੍ਰਾਪਤ ਹੋਇਆਂ ਮੋਖ ਪਦਵੀ ਮੁਕਤੀ ਪਦ ਦੀ ਪ੍ਰਾਪਤੀ ਹੋ ਸਕਦੀ ਹੈ। ਜੇ ਅੰਤ ਵੇਲਾ ਭੀ ਗੁਵਾ ਦਿੱਤਾ ਤੇ ਸੰਭਾਲਿਆ ਨਾ ਤਾਂ ਬਿਲਲਾਤ ਹੈ ਪਏ ਹਾਹਾਕਾਰ ਕਰਦੇ ਕੀਰਣੇ ਪੌਂਦੇ ਕਲਪਦੇ ਹੀ ਗੁਜਰ ਜਾਵੇਗੀ ॥੬੯॥


Flag Counter