ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 385


ਸੋਈ ਲੋਹਾ ਬਿਸੁ ਬਿਖੈ ਬਿਬਿਧਿ ਬੰਧਨ ਰੂਪ ਸੋਈ ਤਉ ਕੰਚਨ ਜੋਤਿ ਪਾਰਸ ਪ੍ਰਸੰਗ ਹੈ ।

ਓਹੋ ਹੀ ਲੋਹਾ ਸੰਸਾਰ ਵਿਖੇ ਸੰਗਲੀਆਂ ਸੰਗਲ ਕੁੰਡੇ ਜੰਜੀਰ ਆਦਿ ਅਨੇਕ ਭਾਂਤ ਦੇ ਬੰਧਨਾਂ ਦਾ ਰੂਪ ਹੁੰਦਾ ਹੈ ਤੇ ਓਹੀ ਪਾਰਸ ਦੇ ਪ੍ਰਸੰਗ ਮਿਲਾਪ ਨੂੰ ਪਾ ਕੇ ਜੋਤਿ ਸਰੂਪੀ ਦਮਕਨ ਹਾਰਾ ਸੋਨਾ ਬਣ ਜਾਯਾ ਕਰਦਾ ਹੈ।

ਸੋਈ ਤਉ ਸਿੰਗਾਰ ਅਤਿ ਸੋਭਤ ਪਤਿਬ੍ਰਿਤਾ ਕਉ ਸੋਈ ਅਭਰਨੁ ਗਨਿਕਾ ਰਚਤ ਅੰਗ ਹੈ ।

ਓਹੋ ਹੀ ਸਿੰਗਾਰ ਗਹਿਣਾ ਗੱਟਾ ਆਦਿ ਪਤਿਬ੍ਰਤਾ ਪਤੀ ਪ੍ਰਤਿਗ੍ਯਾਵਾਨ ਇਸਤ੍ਰੀ ਦੇ ਅੰਗਾਂ ਉਪਰ ਅਤੀ ਸੋਭਾ ਸਜੌਟ ਦਾ ਕਾਰਣ ਹੋਯਾ ਹੋਯਾ ਹੁੰਦਾ ਹੈ ਤੇ ਓਹੋ ਹੀ ਅਭਰਣ ਸਿੰਗਾਰ, ਗਹਿਣੇ ਭੂਖਣ ਆਦਿ ਵੇਸ੍ਵਾ ਅਪਣੇ ਅੰਗਾਂ ਉਪਰ ਪਹਿਰੇ ਤਾਂ ਕਲੰਕ ਦਾ ਕਾਰਣ ਹੁੰਦਾ ਹੈ।

ਸੋਈ ਸ੍ਵਾਂਤਿਬੂੰਦ ਮਿਲ ਸਾਗਰ ਮੁਕਤਾਫਲ ਸੋਈ ਸ੍ਵਾਂਤਬੂੰਦ ਬਿਖ ਭੇਟਤ ਭੁਅੰਗ ਹੈ ।

ਓਹੋ ਹੀ ਸ੍ਵਾਂਤੀ ਬੂੰਦ ਸਮੁੰਦਰ ਅੰਦਰ ਜੇਕਰ ਸਿੱਪ ਦੇ ਮੂੰਹ ਪਵੇ ਤਾਂ ਮੋਤੀ ਫਲ ਬਣ੍ਯਾ ਕਰਦੀ ਹੈ ਤੇ ਓਹੋ ਸ੍ਵਾਂਤੀ ਬੂੰਦ ਭੁਇਅੰਗ ਸੱਪ ਨੂੰ ਭੇਟ ਕੇ ਸੱਪ ਦੇ ਮੂੰਹ ਪੈ ਕੇ ਵਿਹੁ ਹੋ ਜਾਯਾ ਕਰਦੀ ਹੈ।

ਤੈਸੇ ਮਾਇਆ ਕਿਰਤ ਬਿਰਤ ਹੈ ਬਿਕਾਰ ਜਗ ਪਰਉਪਕਾਰ ਗੁਰਸਿਖਨ ਸ੍ਰਬੰਗ ਹੈ ।੩੮੫।

ਤਿਸੀ ਪ੍ਰਕਾਰ ਹੀ ਇਹ ਮਾਯਾ ਜਗਤ ਜੀਵਾਂ ਲਈ ਕਿਰਤ ਬਿਰਤ ਬਿਉਹਾਰੀ ਕਿਰਤ ਉਪਜੀਵਕਾ ਨਿਮਿਤਕ ਕਾਰਾਂ ਵਿਹਾਰਾਂ ਵਿਚ ਵਰਤੀਂਦੀ ਵਿਗਾੜ ਦਾ ਰੂਪ ਹਾਨੀਕਾਰਕ ਹੁੰਦੀ ਹੈ ਤੇ ਗੁਰ ਸਿੱਖਾਂ ਪਾਸ ਆਈ ਹੋਈ ਇਹ ਸ੍ਰਬੰਗ ਸਮੂਲਚੀ ਹੀ ਪਰਉਪਕਾਰ ਭਲੇ ਖਾਤਰ ਲੋਕਾਂ ਦੇ ਹਿਤ ਕਰਣਹਾਰੀ ਵਾ ਪਰਉਪਕਾਰ = ਪਰਮਾਤਮਾ+ਸਮੀਪ+ਕਾਰਣੀ = ਪਰਮਾਰਥ ਦੀ ਸਾਧਨ ਹਾਰੀ ਹੁੰਦੀ ਹੈ ॥੩੮੫॥


Flag Counter