ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 513


ਆਪਦਾ ਅਧੀਨ ਜੈਸੇ ਦੁਖਤ ਦੁਹਾਗਨ ਕਉ ਸਹਜਿ ਸੁਹਾਗ ਨ ਸੁਹਾਗਨ ਕੋ ਭਾਵਈ ।

ਜਿਸ ਤਰ੍ਹਾਂ ਅਪਦਾ ਦੇ ਕਾਰਣ ਦੁਖੀ ਹੋਈ ਹੋਈ ਬਿਭਚਾਰਣੀ ਇਸਤਰੀ ਨੂੰ ਸੁਹਾਗਨੀ ਪਤਿਵੰਤੀ ਇਸਤ੍ਰੀ ਦਾ ਨਿਰੰਤਰ ਸੁਹਾਗ ਸਦਾ ਸੁਹਾਗ ਚੰਗਾ ਨਹੀਂ ਲਗਦਾ, ਭਾਵ ਓਸ ਦੇ ਸਹਜੇ ਨਿਭ ਰਹੇ ਸੁਹਾਗ ਦੇ ਸੁਖ ਨੂੰ ਦੇਖ ਦੇਖ ਉਹ ਖਿਝਦੀ ਰਹਿੰਦੀ ਹੈ।

ਬਿਰਹਨੀ ਬਿਰਹ ਬਿਓਗ ਮੈ ਸੰਜੋਗਨਿ ਕੋ ਸੁੰਦਰ ਸਿੰਗਾਰਿ ਅਧਿਕਾਰੁ ਨ ਸੁਹਾਵਈ ।

ਜਿਸ ਤਰ੍ਹਾਂ ਬਿਰਹੋਂ ਮਾਰੇ ਵਿਛੋੜੇ ਵਿਖੇ ਵਿਜੋਗਨ ਇਸਤ੍ਰੀ ਨੂੰ ਪਤੀ ਪਾਸ ਵੱਸਦੀ ਹੋਈ ਸੰਜੋਗਨ ਇਸਤ੍ਰੀ ਦਾ ਸੁੰਦਰ ਸ਼ਿੰਗਾਰ ਅਧੀਕਾਰ ਧਾਰਿਆ ਪਹਿਨਿਆ ਹੋਇਆ ਨਹੀਂ ਸੁਖੌਂਦਾ।

ਜੈਸੇ ਤਨ ਮਾਂਝਿ ਬਾਂਝਿ ਰੋਗ ਸੋਗ ਸੰਸੋ ਸ੍ਰਮ ਸਉਤ ਕੇ ਸੁਤਹਿ ਪੇਖਿ ਮਹਾਂ ਦੁਖ ਪਾਵਈ ।

ਜਿਸ ਤਰ੍ਹਾਂ ਇਸਤ੍ਰੀ ਦੇ ਸਰੀਰ ਵਿਖੇ ਬਾਂਝ ਰੋਗ ਸੰਤਾਨ ਪ੍ਰਗਟਾਨ ਦੀ ਅਸਮਰੱਥਤਾ ਦਾ ਦੁੱਖ ਹੋਵੇ ਤੇ ਇਸੇ ਹੀ ਸੋਗ ਚਿੰਤਾ ਅਰੁ ਸੰਸੇ ਫਿਕਰ ਨਾਲ ਸ੍ਰਮ ਹੁੱਟੀ ਹੋਈ, ਉਹ ਸੌਂਕਣ ਦੇ ਪੁੱਤ ਨੂੰ ਦੇਖ ਦੇਖ ਕੇ ਦੁਖੀ ਹੁੰਦੀ ਰਹਿੰਦੀ ਹੈ।

ਤੈਸੇ ਪਰ ਤਨ ਧਨ ਦੂਖਨ ਤ੍ਰਿਦੋਖ ਮਮ ਸਾਧਨ ਕੋ ਸੁਕ੍ਰਤ ਨ ਹਿਰਦੈ ਹਿਤਾਵਈ ।੫੧੩।

ਤਿਸੀ ਪ੍ਰਕਾਰ ਪਰਾਏ ਧਨ ਪਰਾਏ ਤਨ, ਤਥਾ ਪਰਾਏ ਦੂਖਣ ਐਬ ਤੱਕਨ ਦਾ ਤ੍ਰਿਦੋਖ ਤਾਪ ਰੂਪ ਸੰਨਤਾਪ ਰੋਗ ਦਿੱਕ ਤਪ ਤਾਂ ਮੇਰੇ ਆਪ ਚੜ੍ਹਿਆ ਹੋਇਆ ਹੈ, ਜਿਸ ਕਰ ਕੇ ਭਲਿਆਂ ਗੁਰ ਸਿੱਖਾਂ ਦੇ ਸੁਕ੍ਰਿਤ ਭਲੇ ਕੰਮ ਸੁਕਰਣੀ ਪੁੰਨ ਰੂਪ ਕਰਮ ਮੇਰੇ ਅੰਦਰ ਚੰਗੇ ਨਹੀਂ ਲਗਦੇ ॥੫੧੩॥


Flag Counter