ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 629


ਗਿਆਨ ਮੇਘ ਬਰਖਾ ਸਰਬਤ੍ਰ ਬਰਖੈ ਸਮਾਨ ਊਚੋ ਤਜ ਨੀਚੈ ਬਲ ਗਵਨ ਕੈ ਜਾਤ ਹੈ ।

ਜਿਵੇਂ ਬੱਦਲ ਉੱਚੀ ਨੀਵੀਂ ਸਭ ਥਾਈਂ ਇਕੋ ਜਿਹੀ ਵਰਖਾ ਵਰਸਾਉਂਦਾ ਹੈ ਪਰ ਮੀਂਹ ਦਾ ਪਾਣੀ ਉੱਚੇ ਥਾਂ ਛੱਡ ਕੇ ਨੀਵੇਂ ਪਾਸੇ ਨੂੰ ਵਹਿ ਜਾਂਦਾ ਹੈ।

ਤੀਰਥ ਪਰਬ ਜੈਸੇ ਜਾਤ ਹੈ ਜਗਤ ਚਲ ਜਾਤ੍ਰਾ ਹੇਤ ਦੇਤ ਦਾਨ ਅਤਿ ਬਿਗਸਾਤ ਹੈ ।

ਜਿਵੇਂ ਕਿਸੇ ਪਰਬ ਪੁਰ ਤੀਰਥ ਤੇ ਸਾਰਾ ਜਗਤ ਚੱਲ ਕੇ ਜਾਂਦਾ ਹੈ ਤੇ ਯਾਤ੍ਰੀ ਯਾਤ੍ਰਾ ਸਫਲ ਕਰਨ ਦੇ ਕਾਰਨ ਦਾਨ ਦੇਂਦੇ ਬੜੇ ਖੁਸ਼ ਹੁੰਦੇ ਹਨ।

ਜੈਸੇ ਨ੍ਰਿਪ ਸੋਭਤ ਹੈ ਬੈਠਿਓ ਸਿੰਘਾਸਨ ਪੈ ਚਹੂੰ ਓਰ ਤੇ ਦਰਬ ਆਵ ਦਿਨ ਰਾਤ ਹੈ ।

ਜਿਵੇਂ ਰਾਜ ਸਿੰਘਾਸਨ ਤੇ ਬੈਠਾ ਰਾਜਾ ਸੋਭਦਾ ਹੈ ਤਾਂ ਚਾਰੋਂ ਪਾਸਿਆਂ ਤੋਂ ਦਿਨੇ ਰਾਤ ਧਨ ਟੁਰਿਆ ਆਉਂਦਾ ਹੈ।

ਤੈਸੇ ਨਿਹਕਾਮ ਧਾਮ ਸਾਧ ਹੈ ਸੰਸਾਰ ਬਿਖੈ ਅਸਨ ਬਸਨ ਚਲ ਆਵਤ ਜੁਗਾਤ ਹੈ ।੬੨੯।

ਤਿਵੇਂ ਸੰਸਾਰ ਵਿਚ ਸਾਧੂ ਦਾ ਘਰ ਇੱਛਾ ਰਹਿਤ ਹੈ ਤੇ ਉੱਥੇ ਭੋਜਨ ਬਸਤ੍ਰ ਤੇ ਦਸਵੰਧ ਆਦਿ ਦੇ ਧਨ ਆਪਣੇ ਆਪ ਚਲੇ ਆਉਂਦੇ ਹਨ ॥੬੨੯॥


Flag Counter