ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 349


ਕੰਚਨ ਅਸੁਧ ਜੈਸੇ ਭ੍ਰਮਤ ਕੁਠਾਰੀ ਬਿਖੈ ਸੁਧ ਭਏ ਭ੍ਰਮਤ ਨ ਪਾਵਕ ਪ੍ਰਗਾਸ ਹੈ ।

ਕੁਠਾਰੀ ਵਿਚ ਅਸ਼ੁੱਧ ਖੋਟਾ ਸੋਨਾ ਤਾਇਆਂ ਜੀਕੂੰ ਭਰਮਿਆ ਚੱਕ੍ਰੀ ਲੌਣ ਲਗ ਪਿਆ ਕਰਦਾ ਹੈ ਅਤੇ ਖੋਟ ਦੇ ਸੜ ਜਾਣ ਤੇ ਸ਼ੁੱਧ ਹੋ ਗਿਆਂ ਪਾਵਕ ਪ੍ਰਗਾਸ ਹੈ ਅੱਗ ਵਾਕੂੰ ਲਟ ਲਟ ਦਮਕਨ ਲਗ ਪੈਂਦਾ ਤੇ ਫੇਰ ਨਹੀਂ ਭਵਿਆਂ ਕਰਦਾ।

ਜੈਸੇ ਕਰ ਕੰਕਨ ਅਨੇਕ ਮੈ ਪ੍ਰਗਟ ਧੁਨਿ ਏਕੈ ਏਕ ਟੇਕ ਪੁਨਿ ਧੁਨਿ ਕੋ ਬਿਨਾਸ ਹੈ ।

ਜਿਸ ਤਰ੍ਹਾਂ ਹੱਥਾਂ ਵਿਖੇ ਕੜੇ ਕੰਙਣ ਆਦਿ ਅਨੇਕ ਗਹਿਣਿਆਂ ਤੋਂ ਧੁਨਿ ਛਨਕਾਰ ਹੋਯਾ ਕਰਦੀ ਹੈ ਪਰ ਜਦ ਉਹ ਅਨੇਕਤਾ ਨੂੰ ਤ੍ਯਾਗ ਕੇ ਇੱਕੋ ਇਕ ਮਾਤ੍ਰ ਹੋਣ ਦੀ ਟੇਕ ਧਾਰਦੇ ਆਪਣੇ ਨਿਜ ਰੂਪ ਵਿਖੇ ਟਿਕ ਏਕੇ ਇਕ ਸਰੂਪੀ ਹੀ ਬਣ ਜਾਯਾ ਕਰਦੇ ਹਨ; ਤਾਂ ਫੇਰ ਓਨਾਂ ਦੀ ਛਣਕਾਰ ਭੀ ਮਿਟ ਜਾਯਾ ਕਰਦੀ ਹੈ।

ਖੁਧਿਆ ਕੈ ਬਾਲਕ ਬਿਲਲਾਤ ਅਕੁਲਾਤ ਅਤ ਅਸਥਨ ਪਾਨ ਕਰਿ ਸਹਜਿ ਨਿਵਾਸ ਹੈ ।

ਭੁੱਖ ਨਾਲ ਅਤ੍ਯੰਤ ਬ੍ਯਾਕੁਲ ਹੋਇਆ ਹੋਇਆ, ਦੁਖੀ ਹੋਇਆ ਹੋਇਆ ਬੱਚਾ ਬਿਲਲਾਤ ਰੋਂਦਾ ਰਹਿੰਦਾ ਹੈ ਪਰ ਥਨ ਪੀਂਦੇ ਸਾਰ ਹੀ ਜਿਸ ਤਰ੍ਹਾਂ ਸਹਜਿ ਸੁਖ ਵਿਚ ਟਿਕ ਜਾਂਦਾ ਮਗਨ ਹੋ ਜਾਂਦਾ ਹੈ।

ਤੈਸੇ ਮਾਇਆ ਭ੍ਰਮਤ ਭ੍ਰਮਤ ਚਤੁਰ ਕੁੰਟ ਧਾਵੈ ਗੁਰ ਉਪਦੇਸ ਨਿਹਚਲ ਗ੍ਰਿਹਿ ਪਦ ਬਾਸ ਹੈ ।੩੪੯।

ਤਿਸੇ ਪ੍ਰਕਾਰ ਪੁਰਖਾਂ ਦਾ ਮਨ ਮਾਇਆ ਧਨ ਦੌਲਤ ਦੇ ਵਾ ਮੋਹ ਮਮਤਾ ਅਗ੍ਯਾਨ ਦੇ ਅਧੀਨ ਭਰਮਿਆ ਭਟਕ੍ਯਾ ਹੋਯਾ, ਚਾਰੋਂ ਕੁੰਡਾਂ ਵਿਚ ਅੰਡਜ ਜੇਰਜ ਸ੍ਵੇਤਜ ਉਤਭਿਜ ਰੂਪ ਚਾਰੋਂ ਖਾਣਾਂ ਵਿਖੇ ਜਨਮ ਜਨਮਾਂਤਰਾਂ ਅੰਦਰ ਧੌਂਦਾ ਦੌੜ ਧੂਪ ਕਰਦਾ ਰਹਿੰਦਾ ਹੈ, ਜ੍ਯੋਂ ਹੀ ਕਿ ਗੁਰ ਉਪਦੇਸ਼ ਨੂੰ ਧਾਰਣ ਕਰ ਲਵੇ, ਨਿਹਚਲ ਘਰ ਸੱਚਖੰਡ ਰੂਪ ਪਦ ਸਥਾਨ ਵਿਖੇ ਨਿਵਾਸ ਪਾ ਲਿਆ ਕਰਦਾ ਹੈ, ਭਾਵ ਭਰਮਨਾ ਭਟਕਨਾ ਤੋਂ ਸਦਾ ਲਈ ਛੁੱਟ ਜਾਯਾ ਕਰਦਾ ਹੈ ॥੩੪੯॥


Flag Counter