ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 546


ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਹੀ ।

ਜਿਸ ਤਰ੍ਹਾਂ ਨਾਲ ਸਭ ਭਾਂਤ ਦੀਆਂ ਨਿਧੀਆਂ ਸਮੁੰਦ੍ਰ ਵਿਖੇ ਭਰਪੂਰ ਹੁੰਦੀਆਂ ਹਨ, ਪਰ ਹੰਸ ਯਾ ਮਰਜੀਵਾ ਸਮੁੰਦ੍ਰੀ ਟੋਭਾ ਹੀ ਨਿਸਚੇ ਕਰ ਕੇ ਸਮੁੰਦ੍ਰ ਪਾਸੋਂ ਇਨਾਂ ਦੀ ਪ੍ਰਸਾਦ ਪ੍ਰਸੰਨਤਾ ਮਈ ਭੇਟ ਨੂੰ ਪ੍ਰਾਪਤ ਕਰ ਸਕਦੇ ਹਨ, ਹਾਰੀ ਸਾਰੀ ਨਹੀਂ।

ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿਧ ਖਨਵਾਰਾ ਖਨਿ ਜਗਿ ਵਿਖੇ ਪ੍ਰਗਟਾਵਹੀ ।

ਜਿਸ ਤਰ੍ਹਾਂ ਪਰਬਤ ਅੰਦਰ ਹੀਰੇ ਮਣੀਆਂ ਤੇ ਪਾਰਸ ਹੁੰਦੇ ਹਨ, ਪਰ ਸਿੱਧ ਤੇ ਖਾਣ ਖੋਜੀ ਪੁਰਖ ਹੀ ਇਨ੍ਹਾਂ ਨੂੰ ਖੋਜ ਅਤੇ ਪੁੱਟ ਕੇ ਜਗਤ ਵਿਖੇ ਪ੍ਰਸਿੱਧ ਕਰਦੇ ਹਨ।

ਜੈਸੇ ਬਨ ਬਿਖੈ ਮਲਿਆਗਰ ਸੌਧਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਬਿਹਸਾਵਹੀ ।

ਜਿਸ ਤਰ੍ਹਾਂ ਬਨ ਵਿਖੇ ਮਲਿਆਗਰ ਚੰਨਣ ਸੋਧਾ ਕਪੂਰ ਗੰਧ ਸਾਰ ਘੀਆ ਕਪੂਰ ਆਦਿ ਸੁਗੰਧੀਆਂ ਹੁੰਦੀਆਂ ਹਨ, ਪਰ ਸੁਬਾਸੀ ਸੋਂਘਾ ਸੋਧ ਕੈ ਢੂੰਢ ਭਾਲ ਕੇ ਇਨਾਂ ਦੀ ਸੁਗੰਧੀ ਨੂੰ ਬਿਹਸਾਵਈ ਖੇੜਦਿਆ ਕਰਦਾ ਹੈ।

ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਹੀ ।੫੪੬।

ਤਿਸੀ ਪ੍ਰਕਾਰ ਗੁਰਬਾਣੀ ਵਿਖੇ ਧਰਮ ਅਰਥ ਕਾਮ ਮੋਖ ਰੂਪ ਸਭ ਪਦਾਰਥ ਹੀ ਹਨ, ਪਰ ਜਿਹੜਾ ਜਿਹੜਾ ਖੋਜੇਗਾ, ਓਹੋ ਓਹੋ ਹੀ ਪ੍ਰਗਟ ਕਰ ਲਵੇਗਾ। ਅਥਵਾ ਜਿਸ ਜਿਸ ਪਦਾਰਥ ਦਾ ਖੋਜੀ ਹੋ ਕੇ ਜੋ ਕੋਈ ਖੋਜੇ ਓਹੋ ਓਹੋ ਹੀ ਪਦਾਰਥ ਓਸ ਦੇ ਸਾਮਨੇ ਪ੍ਰਗਟ ਹੋ ਆਇਆ ਕਰਦਾ ਹੈ ॥੫੪੬॥


Flag Counter