ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 460


ਗਿਰਗਿਟ ਕੈ ਰੰਗ ਕਮਲ ਸਮੇਹ ਬਹੁ ਬਨੁ ਬਨੁ ਡੋਲੈ ਕਉਆ ਕਹਾ ਧਉਸਵਾਨ ਹੈ ।

ਸਮੇਹ ਸਮ+ਇਹ = ਸ੍ਰੀਖਾ+ਇਹ; ਗਿਰਗਟ ਕਿਰਲੇ ਦਾ ਕਮਲ ਕੌਲ ਫੁਲ ਸਮ ਸ੍ਰੀਖਾ ਹੁੰਦਾ ਹੈ; ਕਿੰਤੂ ਇਹ ਬਹੁ ਬਹੁਤੇ ਰੰਗ ਆਪਣੇ ਉਪਰ ਪਲਟਨ ਵਾਲਾ ਹੋਣ ਕਰ ਕੇ ਓਸ ਵਾਕੂੰ ਆਦਰ ਨਹੀਂ ਪਾ ਸਕਦਾ; ਅਰੁ ਕਾਂ ਬਨੁ ਬਨੁ ਜੰਗਲ ਪਰ ਜੰਗਲ ਕਾਂ ਕਾਂ ਕਰਦਾ ਫਿਰਦਾ ਹੈ; ਕਹਾਂ ਧਉਸ ਵਾਨ ਪਰ ਐਸਾ ਕਰਨ ਨਾਲ ਮੀਰ ਸ਼ਿਕਾਰੀ ਵਾਕੂੰ ਲਲਕਾਰਾਂ ਮਾਰਣ ਵਾਲਾ ਰਾਜ ਕਰਮਚਾਰੀ ਤਾਂ ਨਹੀਂ ਹੋ ਜਾਂਦਾ।

ਘਰ ਘਰ ਫਿਰਤ ਮੰਜਾਰ ਅਹਾਰ ਪਾਵੈ ਬੇਸ੍ਵਾ ਬਿਸਨੀ ਅਨੇਕ ਸਤੀ ਨ ਸਮਾਨ ਹੈ ।

ਘਰ ਘਰ ਵਿਖੇ ਫਿਰ ਫਿਰ ਕੇ ਆਹਰ ਪੌਣ ਨਾਲ ਮਜਾਰ ਬਿੱਲਾ ਭਿਖ੍ਯੂ ਅਤੀਤ ਸਮਾਨ ਤਾਂ ਨਹੀਂ ਸਨਮਾਨ ਪਾ ਸਕਦਾ ਅਤੇ ਅਧਿਕ ਵਿਖ੍ਯ ਬ੍ਯਸਨ ਦੇ ਅਧੀਨ ਹੋਈ ਕਈ ਵੇਸ੍ਵਾ ਅਨੰਨ ਮਨ ਨਾਲ ਕਾਮੀ ਪੁਰਖ ਨੂੰ ਚਿਤਵਦੀ ਧ੍ਯੋਂਦੀ ਸਤੀ ਸਤਵੰਤੀ ਦੇ ਸਮਾਨ ਤਾਂ ਨਹੀਂ ਹੋ ਸਕਦੀ।

ਸਰ ਸਰ ਭ੍ਰਮਤ ਨ ਮਿਲਤ ਮਰਾਲ ਮਾਲ ਜੀਵ ਘਾਤ ਕਰਤ ਨ ਮੋਨੀ ਬਗੁ ਧਿਆਨ ਹੈ ।

ਸ੍ਰੋਵਰ ਸ੍ਰੋਵਰ ਉਪਰ ਭਟਕਦਿਆਂ ਕੋਈ ਮਰਾਲ ਮਾਲ ਹੰਸਾਂ ਦੀ ਡਾਰ ਤਾਂ ਨਹੀਂ ਮਿਲ ਪੈਣੀ; ਅਤੇ ਜੀਵ ਘਾਤ ਕਰਨ ਖਾਤਰ ਮੋਨ ਸਾਧ ਕੇ ਬਗਲੇ ਨੂੰ ਧ੍ਯਾਨੀ ਦੀ ਪਦਵੀ ਨਹੀਂ ਪ੍ਰਾਪਤ ਹੋ ਜਾਣੀ।

ਬਿਨੁ ਗੁਰਦੇਵ ਸੇਵ ਆਨ ਦੇਵ ਸੇਵਕ ਹੁਇ ਮਾਖੀ ਤਿਆਗਿ ਚੰਦਨ ਦੁਰਗੰਧ ਅਸਥਾਨ ਹੈ ।੪੬੦।

ਤਾਤਪ੍ਰਯ ਕੀਹ ਕਿ ਸਤਿਗੁਰੂ ਦੇਵ ਦੀ ਸੇਵਾ ਬਿਨਾਂ ਹੋਰ ਹੋਰ ਇਸ਼ਟ ਰੂਪ ਦੇਵਤਿਆਂ ਦੇ ਸੇਵਕ ਹੋਣ ਵਿਚ ਮਨੁੱਖ ਜਨਮ ਦੀ ਪ੍ਰਤਿਸ਼ਟਾ ਕਦੀ ਪ੍ਰਾਪਤ ਹੋ ਸਕਣੀ; ਇਹ ਤਾਂ ਐਉਂ ਦੀ ਬਿਧਿ ਹੈ; ਜਿਸ ਤਰ੍ਹਾਂ ਕਿ ਮੱਖੀ ਚੰਨਣ ਨੂੰ ਤ੍ਯਾਗ ਕੇ ਦੁਰਗੰਧੀ ਵਾਲੇ ਟਿਕਾਣੇ ਉਪਰ ਜਾ ਬੈਠਿਆ ਕਰਦੀ ਹੈ ॥੪੬੦॥


Flag Counter