ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 118


ਨੈਹਰ ਕੁਆਰਿ ਕੰਨਿਆ ਲਾਡਿਲੀ ਕੈ ਮਾਨੀਅਤਿ ਬਿਆਹੇ ਸਸੁਰਾਰ ਜਾਇ ਗੁਨਨੁ ਕੈ ਮਾਨੀਐ ।

ਨੈਹਰ ਪਿਉਕੇ ਘਰ ਕੁਆਰਿ ਕੰਨਿਆ ਕੁਆਰੀ ਬੇਟੀ ਨੂੰ ਲਾਡਿਲੀ ਲਾਡ ਦੀ ਪਿਆਰੀ ਕਰ ਕੇ ਮੰਨਿਆਂ ਜਾਂਦਾ ਹੈ। ਅਥਵਾ ਲਾਡਲੀ ਹੋਣ ਕਰ ਕੇ ਓਸ ਦਾ ਆਦਰ ਕਰਦੇ ਹਨ, ਪਰ ਬਿਆਹੇ ਵਿਆਹਿਆਂ ਜਾਣ ਤੇ ਸਸੁਰਾਰ ਸੌਹਰੇ ਘਰ ਗਿਆਂ ਗੁਨਨ ਕੈ ਗਣਾਂ ਨਾਲ ਆਦਰ ਮਾਣਿਆ ਕਰਦੀ ਹੈ।

ਬਨਜ ਬਿਉਹਾਰ ਲਗਿ ਜਾਤ ਹੈ ਬਿਦੇਸਿ ਪ੍ਰਾਨੀ ਕਹੀਏ ਸਪੂਤ ਲਾਭ ਲਭਤ ਕੈ ਆਨੀਐ ।

ਬਨਜ ਬਿਉਹਾਰ ਲਗਿ ਵਣਜ ਵਪਾਰ ਤਥਾ ਕਾਰੋਬਾਰ ਸੌਦਾਗਰੀ ਖਾਤਰ ਪ੍ਰਾਨੀ ਵਾਂਢੇ ਪਰਦੇਸ ਜਾਂਦਾ ਹੈ ਜੇਕਰ ਤਾਂ ਉਹ ਲਾਭ ਲਭਤ ਕੈ ਆਨੀਐ ਲਾਭ ਦੀ ਲਭਤ ਕਰ ਕੇ ਅਥਵਾ ਖੱਟੀ ਖੱਟ ਕੇ ਲਿਆਵੇ ਤਾਂ ਸਪੂਤ ਕਹੀਏ ਸਪੁਤਰ ਸਪੁਤਰ ਕਰ ਕੇ ਸਭ ਆਖਦੇ ਹਨ।

ਜੈਸੇ ਤਉ ਸੰਗ੍ਰਾਮ ਸਮੈ ਪਰ ਦਲ ਮੈ ਅਕੇਲੋ ਜਾਇ ਜੀਤਿ ਆਵੈ ਸੋਈ ਸੂਰੋ ਸੁਭਟੁ ਬਖਾਨੀਐ ।

ਜੈਸੇ ਤਉ ਜਿਸ ਤਰ੍ਹਾਂ ਫੇਰ ਕੋਈ ਸੂਰਮਾ ਕਹਾਣਹਾਰਾ ਸੰਗ੍ਰਾਮ ਸਮੇਂ ਰਣ ਮੱਚਿਆਂ ਜੰਗ ਜੁਟਿਆਂ ਪਰ ਦਲ ਮੈ ਅਕੇਲੋ ਜਾਇ ਜੀਤ ਆਵੈ ਪਰਾਈ ਸੈਨਾ ਵਿਖੇ ਅਕੱਲਾ ਹੀ ਵੈਰੀਆਂ ਨੂੰ ਜਿੱਤ ਕੇ ਆ ਜਾਵੇ ਤਾਂ ਸੋਈ ਸੂਰੋ ਸੁਭਟ ਬਖਾਨੀਐ ਓਸੇ ਨੂੰ ਹੀ ਸੂਰਮਾ ਬਹਾਦਰ ਕਹੀਦਾ ਹੈ।

ਮਾਨਸ ਜਨਮੁ ਪਾਇ ਚਰਨਿ ਸਰਨਿ ਗੁਰ ਸਾਧਸੰਗਤਿ ਮਿਲੈ ਗੁਰਦੁਆਰਿ ਪਹਿਚਾਨੀਐ ।੧੧੮।

ਇਸੇ ਪ੍ਰਕਾਰ ਜੇਕਰ ਮਨੁੱਖਾ ਜਨਮ ਪਾ ਕੇ ਸਤਿਗੁਰਾਂ ਦੀ ਚਰਣ ਸਰਣ ਸਤਿਸੰਗ ਵਿਚ ਆਣ ਮਿਲੇ, ਤਾਂ ਓਸੇ ਨੂੰ ਹੀ ਗੁਰਦ੍ਵਾਰੇ ਗੁਰੂ ਦੁਆਰੇ ਗੁਰਾਂ ਦੇ ਤੁਫੈਲ ਮਨੁੱਖ ਪਣੇ ਨੂੰ ਸਫਲ ਕਰਣ ਹਾਰਾ ਅਸਲ ਮਰਦ ਪਹਿਚਾਨੀਐ ਪਛਾਣੀਦਾ ਹੈ ॥੧੧੮॥