ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 209


ਜੋਈ ਪ੍ਰਿਅ ਭਾਵੈ ਤਾਹਿ ਸੁੰਦਰਤਾ ਕੈ ਸੁਹਾਵੈ ਸੋਈ ਸੁੰਦਰੀ ਕਹਾਵੈ ਛਬਿ ਕੈ ਛਬੀਲੀ ਹੈ ।

ਜਿਹੜੀ ਜਗਿਆਸੂ ਰੂਪ ਇਸਤ੍ਰੀ ਉਸ ਪ੍ਰੀਤਮ ਪਿਆਰੇ ਨੂੰ ਭਾ ਗਈ ਤਿਸ ਨੂੰ ਸੁੰਦਰਤਾ ਸ੍ਵੈ ਪ੍ਰਕਾਸ਼ਤਾ ਆਤਮਿਕ ਓਜ ਅਥ੍ਵ ਸੁੰਨ ਦ੍ਵਾਰ ਦਸਮ ਦ੍ਵਾਰ ਦੀ ਦਮਕ ਕ੍ਰਾਂਤੀ ਨਾਲ ਸੁਹਾਵੈ ਸੋਹਣਾ ਲਗਨ ਵਾਲਾ ਸਭ ਦੇ ਮਨ ਭੌਣਾ ਬਣਾ ਦਿੰਦਾ ਹੈ, ਤੇ ਓਸੇ ਦੀ ਸੁਰਤ ਹੀ ਸੁੰਨ ਦ੍ਵਾਰ ਦੀ ਇਸਥਿਤੀ ਵਾਲੀ ਹੋ ਜਾਣ ਕਰ ਕੇ ਉਹ ਸੁੰਦਰੀ ਸੋਹਣੀ ਛਬਿ ਕਰ ਕੇ ਛਬੀਲੀ ਫੱਬਨ ਵਾਲੀ ਅਖਾਯਾ ਕਰਦੀ ਹੈ।

ਜੋਈ ਪ੍ਰਿਅ ਭਾਵੈ ਤਾਹਿ ਬਾਨਕ ਬਧੂ ਬਨਾਵੈ ਸੋਈ ਬਨਤਾ ਕਹਾਵੈ ਰੰਗ ਮੈ ਰੰਗੀਲੀ ਹੈ ।

ਜਿਹੜੇ ਜਗ੍ਯਾਸੂ ਦੀ ਸੁਰਤ, ਪਿਆਰੇ ਨੂੰ ਭਾ ਜਾਵੇ ਓਸ ਨੂੰ ਹੀ ਬਾਨਕ ਬਾਂਕੀ ਯਾ ਸੋਹਣੇ ਵੇਸ ਵਾਲੀ ਆਪਣੀ ਬਧੂ ਵਿਆਹੁੜ ਨਿਜ ਅੰਗ ਰੂਪ ਇਸਤ੍ਰੀ ਪ੍ਰਵਾਣਿਤ ਗੁਰਮੁਖ ਬਣਾ ਲੈਂਦਾ ਹੈ ਅਰੁ ਉਹੀ ਉਸ ਦੇ ਰੰਗ ਪ੍ਰੇਮ ਵਿਚ ਰੰਗੀ ਹੋਈ ਰੰਗੀਲੀ ਬਨਿਤਾ ਪਿਆਰ ਪ੍ਰੇਮ ਦੀ ਇਕ ਮਾਤ੍ਰ ਪਾਤ੍ਰ ਇਸਤ੍ਰੀ ਕਹੌਂਦੀ ਹੈ, ਅਰਥਾਤ ਓਸੇ ਨੂੰ ਹੀ ਅਪਣੇ ਨਿਜ ਸਰੂਪ ਦਾ ਸਾਥੀ ਅਭੇਦ ਹੋਯਾ ਹੋਯਾ ਸਿੱਖ ਪ੍ਰਵਾਣਿਆ ਜਾਂਦਾ ਹੈ।

ਜੋਈ ਪ੍ਰਿਅ ਭਾਵੈ ਤਾ ਕੀ ਸਬੈ ਕਾਮਨਾ ਪੁਜਾਵੈ ਸੋਈ ਕਾਮਨੀ ਕਹਾਵੈ ਸੀਲ ਕੈ ਸੁਸੀਲੀ ਹੈ ।

ਜਿਹੜੀ ਰੂਹ ਓਸ ਪਿਆਰੇ ਨੂੰ ਭਾ ਪਵੇ ਓਸ ਦੀਆਂ ਇਸ ਲੋਕ ਸਬੰਧੀ ਵਾ ਪ੍ਰਲੋਕ ਸਬੰਧੀ ਤਥਾ ਪਰਮਾਰਥਿਕ ਸਮੂਹ ਕਾਮਨਾਂ ਪੂਰਣ ਕਰਦਾ ਹੈ। ਤੇ ਓਹੋ ਹੀ ਸੀਲ ਸਿੱਖੀ ਧਰਮ ਸੰਪੰਨ ਆਗ੍ਯਾਪਾਲ ਸੁਭਾਵ ਕਰ ਕੇ ਸੰਜੁਗਤ ਸੁਸੀਲੀ ਸ੍ਰੇਸ਼ਟਸੀਲ ਵਾਲੀ ਤਥਾ ਇਕ ਮਾਤ੍ਰ ਗੁਰੂ ਦੀ ਹੀ ਕਾਮਨਾ ਵਾਲੀ ਸਤਿਗੁਰਾਂ ਨੂੰ ਹੀ ਚਾਹੁਣ ਹਾਰੀ ਸਿੱਖ ਆਖੀ ਜਾਯਾ ਕਰਦੀ ਹੈ।

ਜੋਈ ਪ੍ਰਿਅ ਭਾਵੈ ਤਾਹਿ ਪ੍ਰੇਮ ਰਸ ਲੈ ਪੀਆਵੈ ਸੋਈ ਪ੍ਰੇਮਨੀ ਕਹਾਵੈ ਰਸਕ ਰਸੀਲੀ ਹੈ ।੨੦੯।

ਜਿਹੜੀ ਪਿਆਰੇ ਨੂੰ ਭਾ ਜਾਵੇ ਓਸ ਨੂੰ ਹੀ ਲੈ ਆਪਣੇ ਚਿੱਤ ਅੰਦਰ ਪ੍ਰਵਾਣ ਕਰ ਕੇ ਪ੍ਰੇਮ ਰਸ ਪਿਆਲਦੇ ਹਨ। ਤੇ ਓਹੋ ਹੀ ਰਸਿਕ ਰੂਪਣੀ ਸਿੱਕਵੰਦ ਰਸ ਰੱਤੀ ਪ੍ਰੇਮਨੀ ਪ੍ਰੇਮ+ਅਣੀ ਪ੍ਰੇਮ ਦੀ ਚੋਭ ਚੁਭੇ ਹੋਏ ਹਿਰਦੇ ਵਾਲੀ ਰੂਹ ਯਾ ਐਸੀ ਆਤਮ ਅਥਵਾ ਵ੍ਯਕ੍ਤੀ ਅਖੌਂਦੀ ਹੈ। ਅਰਥਾਤ ਪ੍ਰੇਮ ਰਸ ਰੱਤਾ ਰਸੀਆ ਸਿੱਖ ਅਖੌਂਦਾ ਹੈ ॥੨੦੯॥


Flag Counter