ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 89


ਗੁਰਮੁਖਿ ਮਾਰਗ ਹੁਇ ਦੁਬਿਧਾ ਭਰਮ ਖੋਏ ਚਰਨ ਸਰਨਿ ਗਹੇ ਨਿਜ ਘਰਿ ਆਏ ਹੈ ।

ਗੁਰਮੁਖੀ ਮਾਰਗ ਸਿੱਖੀ ਪੰਥ ਵਿਖੇ ਜੇਹੜਾ ਕੋਈ ਆਨ ਹੋਇ ਰਲਦਾ ਹੋਇ ਰਲਦਾ ਹੈ ਓਹ ਦੁਬਿਧਾ ਦ੍ਵੈਤਾ ਦੇ ਭਰਮ ਨੂੰ ਵਾ ਦੁਬਿਧਾ ਸੰਸਿਆਂ ਦੁਚਿਤਾਈਆਂ ਅਰੁ ਭਰਮਾਂ ਨੂੰ ਖੋਇ ਗੁਵਾ ਸਿੱਟਦਾ ਹੈ। ਅਤੇ ਜਦ ਸਤਿਗੁਰਾਂ ਦੇ ਚਰਣਾਂ ਦੀ ਸਰਣ ਨੂੰ ਗਹੇ ਗ੍ਰਹਣ ਧਾਰਣ ਕਰ ਲੈਂਦਾ ਹੈ, ਤਾਂ ਨਿਜ ਘਰ ਆਤਮ ਪਦ ਵਿਖੇ ਅਥਵਾ ਬਾਹਰਲੀਆਂ ਭਟਕਨਾਂ ਨੂੰ ਤ੍ਯਾਗ ਕੇ ਅਪਣੇ ਅੰਦਰ ਅੰਤਰਮੁਖ ਪਰਚਨ ਵਾਲਾ ਬਣ ਜਾਂਦਾ ਹੈ।

ਦਰਸ ਦਰਸਿ ਦਿਬਿ ਦ੍ਰਿਸਟਿ ਪ੍ਰਗਾਸ ਭਈ ਅੰਮ੍ਰਿਤ ਕਟਾਛ ਕੈ ਅਮਰ ਪਦ ਪਾਏ ਹੈ ।

ਅਰੁ ਇਸੇ ਭਾਂਤ ਦਰਸ ਦਰਸਿ ਬਾਰੰਬਾਰ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਵਾ ਦਰਸ ਦੇਖਣ ਯੋਗ ਜੋ ਦਰਸ ਦਰਸ਼ਨ ਹੈ ਸਤਿਗੁਰਾਂ ਦਾ, ਉਸ ਨੂੰ ਕਰਦਿਆਂ ਹੋਯਾਂ ਦਿੱਬ ਦ੍ਰਿਸ਼ਟਿ ਗ੍ਯਾਨ ਦਿਸ਼ਟੀ ਤ੍ਰਿਕਾਲ ਦਰਸ਼ੀ ਪੁਣੇ ਦਾ ਪ੍ਰਗਾਸ ਉਜਾਲਾ ਸਾਖ੍ਯਾਤਕਾਰ ਪ੍ਰਾਪਤ ਹੋ ਔਂਦਾ ਹੈ। ਅਤੇ ਅੰਮ੍ਰਿਤ ਕਟਾਛ ਕੈ ਅੰਮ੍ਰਿਤ ਬਰਸੌਣੀ ਨਿਗ੍ਹਾ ਭਰ ਕੇ ਸਤਿਗੁਰਾਂ ਦੇ ਤੱਕ ਲਿਆਂ ਅਮਰ ਪਦ ਅਮਰ ਪਦਵੀ ਅਬਿਨਾਸੀ ਠੌਰ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਵ ਸਚਖੰਡ ਵਾਸੀ ਬਣਾ ਜਾਯਾ ਕਰਦਾ ਹੈ।

ਸਬਦ ਸੁਰਤਿ ਅਨਹਦ ਨਿਝਰ ਝਰਨ ਸਿਮਰਨ ਮੰਤ੍ਰ ਲਿਵ ਉਨਮਨ ਛਾਏ ਹੈ ।

ਸ਼ਬਦ ਸਤਿਗੁਰਾਂ ਦਾ ਮੰਤ੍ਰ ਉਪਦੇਸ਼ ਸੁਰਤਿ ਸੁਣ ਲਿਆਂ ਤਾਂ ਅਨਹਦ ਧੁਨੀ ਦਾ ਨਿਝਰ ਝਰਨਾ ਰਿਮ ਝਿਮ ਦੀ ਤਾਰ ਬੰਨ ਦਿੱਤਾ ਕਰਦਾ ਹੈ ਜਿਸ ਕਰ ਕੇ ਮੰਤ੍ਰ ਸਿਮਰਣ ਵਿਖੇ ਆਪ ਤੇ ਆਪ ਹੀ ਲਿਵ ਲਗ ਕੇ ਉਨਮਨ ਛਾਏ ਹੈ ਮਗਨਤਾ ਹੀ ਮਗਨਤਾ ਅੰਦਰ ਰਮ ਜਾਯਾ ਕਰਦੀ ਹੈ।

ਮਨ ਬਚ ਕ੍ਰਮ ਹੁਇ ਇਕਤ੍ਰ ਗੁਰਮੁਖ ਸੁਖ ਪ੍ਰੇਮ ਨੇਮ ਬਿਸਮ ਬਿਸ੍ਵਾਸ ਉਪਜਾਏ ਹੈ ।੮੯।

ਤਾਤਪਰਯ ਕੀਹ ਕਿ ਗੁਰੂ ਕੇ ਮਾਰਗ ਵਿਚ ਆਨ ਰਲਨ ਔਰ ਚਰਣ ਸਰਣ ਪ੍ਰਾਪਤ ਹੋਣ ਕਰ ਕੇ ਸਰੀਰ ਕਰਮ ਦੇ ਅਤੇ ਦਰਸ਼ਨ ਕਰਨ ਤਥਾ ਸ਼ਬਦ ਸ੍ਰਵਣ ਵਿਖੇ ਮਨ ਦੇ ਦੇਣ ਕਰ ਕੇ ਅਰੁ ਨਾਮ ਸਿਮਰਣ ਵਿਖੇ ਬਾਣੀ ਦੇ ਸਿਮਟਾਉ ਕਾਰਣ ਮਨ ਬਚ ਕ੍ਰਮ ਹੁਇ ਇਕਤ੍ਰ ਮਨ ਬਾਣੀ ਅਰੁ ਸਰੀਰ ਦੇ ਇਕ ਭਾਵ ਵਿਖੇ ਆ ਗਿਆਂ ਗੁਰਮੁਖ ਨੂੰ ਸੱਚਾ ਸੁਖ ਪ੍ਰਾਪਤ ਹੋ ਔਂਦਾ ਹੈ ਤੇ ਓਸੇ ਵਿਖੇ ਹੀ ਪ੍ਰੇਮ ਪਰਚੇ ਦੇ ਨੇਮ ਨਿਰੰਤਰ ਰੁਝੇਵੇਂ ਦਾ ਬਿਸਮ ਜਿਸ ਦੀ ਸਮਤਾ ਨਹੀਂ ਪਾਈ ਜਾ ਸਕਦੀ ਐਸਾ ਅਦੁਤੀ ਬਿਸ੍ਵਾਸ ਨਿਸਚਾ ਉਪਜਾਏ ਹੈ ਉਪਜ ਆਯਾ ਕਰਦਾ ਹੈ ॥੮੯॥


Flag Counter