ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 340


ਮਾਨਸਰ ਹੰਸ ਸਾਧਸੰਗਤਿ ਪਰਮਹੰਸ ਧਰਮਧੁਜਾ ਧਰਮਸਾਲਾ ਚਲ ਆਵਈ ।

ਜੀਕੂੰ ਮਾਨ ਸਰੋਵਰ ਉੱਪਰ ਹੰਸ ਪੰਖੀ ਦੂਰੋਂ ਚਲੇ ਆਯਾ ਕਰਦੇ ਹਨ, ਤੇ ਏਹੋ ਹੀ ਓਸ ਦੇ ਧਰਮ ਪ੍ਰਭਾਵ ਦੀ ਧੁਜਾ ਨਿਸ਼ਾਨ ਰੂਪ ਹੁੰਦੇ ਹਨ, ਤੀਕੂੰ ਹੀ ਸਾਧ ਸੰਗਤ ਖਾਤਰ ਪਰਮ ਹੰਸ ਪਰਮ ਬਿਬੇਕੀ ਗੁਰੂ ਕੇ ਸਿੱਖ ਜੋ ਧਰਮ ਦੀ ਧੁਜਾ ਰੂਪ ਹਨ, ਧਰਮ ਸਾਲਾ ਗੁਰੂ ਕੇ ਦੁਆਰੇ ਦੇਸ ਦੇਸਾਂਤਰਾਂ ਤੋਂ ਚਲੇ ਆਯਾ ਕਰਦੇ ਹਨ।

ਉਤ ਮੁਕਤਾਹਲ ਅਹਾਰ ਦੁਤੀਆ ਨਾਸਤਿ ਇਤ ਗੁਰ ਸਬਦ ਸੁਰਤਿ ਲਿਵ ਲਾਵਹੀ ।

ਉਤ = ਉੱਥੇ ਮਾਨਸਰੋਵਰ ਵਿਖੇ ਤਾਂ ਮੋਤੀ ਚੁਗਨ ਵਾਸਤੇ ਹੰਸਾਂ ਨੂੰ ਮਿਲਦੇ ਹਨ ਹੋਰ ਕੁਛ ਨਹੀਂ, ਅਤੇ ਇਤ ਇੱਥੇ ਗੁਰੂ ਕੇ ਦਰਬਾਰ ਅੰਦਰ ਸਾਧ ਸੰਗਤ ਵਿਖੇ ਗੁਰਸਿੱਖ ਸ਼ਬਦ ਨਾਲ ਸੁਰਤਿ ਦੀ ਲਿਵ ਲਗਾਇਆ ਪਰਚਿਆ ਕਰਦੇ ਹਨ।

ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ ਇਤ ਗੁਰਮਤਿ ਦੁਰਮਤਿ ਸਮਝਾਵਹੀ ।

ਉਤ ਉੱਥੇ ਦੁੱਧ ਪਾਣੀ ਦੇ ਨਿਰਵਾਰੋ ਕੈ ਨ੍ਯਾਰਾ ਨ੍ਯਾਰਾ ਕਰਨ ਦੀ ਚਾਲ, ਆਖਣ ਵਿਚ ਔਂਦੀ ਭਾਵ ਪ੍ਰਸਿੱਧ ਹੈ, ਤੇ ਇਥੇ ਗੁਰੂ ਕੀ ਸੰਗਤ ਵਿਖੇ ਗੁਰਮਤਿ ਆਹ ਹੈ ਤੇ ਦੁਰਮਤਿ ਔਹ ਹੈ ਐਸੇ ਐਸੇ ਵੀਚਾਰਾਂ ਦਾ ਨਿਰਣਾ ਸਮਝਾਇਆ ਜਾਂਦਾ ਹੈ।

ਉਤ ਬਗ ਹੰਸ ਬੰਸ ਦੁਬਿਧਾ ਨ ਮੇਟਿ ਸਕੈ ਇਤ ਕਾਗ ਪਾਗਿ ਸਮ ਰੂਪ ਕੈ ਮਿਲਾਵਹੀ ।੩੪੦।

ਉਧਰ ਮਾਨ ਸਰੋਵਰ ਤੋਂ ਬਗਲੇ ਅਤੇ ਹੰਸ ਦੇ ਬੰਸ ਦੀ ਧੁਰ ਦੀ ਦੁਬਿਧਾ ਨਿਖੇੜ ਨਹੀਂ ਮਿਟ ਸਕਦੀ, ਪ੍ਰੰਤੂ ਏਧਰ ਗੁਰੂ ਕੀ ਸੰਗਤ ਵਿਖੇ ਕਾਂ ਸਮਾਨ ਮਲ ਭੱਛੀ = ਪਾਪੀਆਂ ਜੀਵਾਂ ਨੂੰ ਭੀ ਪਾਗਿ ਸਤਿਸੰਗ ਵਿਚ ਪਰਚਾ ਕੇ ਸਮ ਰੂਪ ਕੈ ਅਪਣੇ ਸਮਾਨ ਹੀ ਪਰਮ ਹੰਸ ਸਰੂਪ ਗੁਰੂਕਾ ਸਿੱਖ ਬਣਾ ਮਿਲਾ ਲਿਆ ਅਭੇਦ ਕੀਤਾ ਜਾਂਦਾ ਹੈ ॥੩੪੦॥


Flag Counter