ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 494


ਜਉ ਕੋਊ ਬੁਲਾਵੈ ਕਹਿ ਸ੍ਵਾਨ ਮ੍ਰਿਗ ਸਰਪ ਕੈ ਸੁਨਤ ਰਿਜਾਇ ਧਾਇ ਗਾਰਿ ਮਾਰਿ ਦੀਜੀਐ ।

ਜੇਕਰ ਕੋਈ ਆਨ ਦੇਵ ਸੇਵਕ ਮਨਮੁਖ ਨੂੰ ਕੁੱਤਾ ਮ੍ਰਿਗ ਸੱਪ ਆਖ ਕੇ ਬੁਲਾਵੇ; ਤਾਂ ਉਹ ਸੁਣਦੇ ਸਾਰ ਗੁੱਸਾ ਖਾ ਕੇ ਗਾਲਾਂ ਕਢਦਾ ਮਾਨੋ ਮਾਰ ਦੇਣ ਲਈ ਦੌੜ੍ਯਾ ਕਰਦਾ ਹੈ।

ਸ੍ਵਾਨ ਸ੍ਵਾਮ ਕਾਮ ਲਾਗਿ ਜਾਮਨੀ ਜਾਗ੍ਰਤ ਰਹੈ ਨਾਦਹਿ ਸੁਨਾਇ ਮ੍ਰਿਗ ਪ੍ਰਾਨ ਹਾਨਿ ਕੀਜੀਐ ।

ਹਾਲੀਂ ਕਿ ਕੁੱਤਾ ਸ੍ਵਾਮੀ ਦੇ ਕਾਰਜ ਖਾਤਰ ਰਾਤ ਜਾਗਦਾ ਰਹਿੰਦਾ ਹੈ ਤੇ ਨਾਦਹਿ ਸ਼ਬਦ ਧੁਨੀ ਨੂੰ ਸੁਣਾ ਕੇ ਮ੍ਰਿਗ ਦੇ ਚਾਹੇ ਕੋਈ ਪ੍ਰਾਣ ਘਾਤ ਕਰ ਦੇਵੇ ਪਰ ਪ੍ਰੇਮ ਨੂੰ ਵੱਟਾ ਨਹੀਂ ਲਗਨ ਦਿੰਦਾ।

ਧੁਨ ਮੰਤ੍ਰ ਪੜੈ ਸਰਪ ਅਰਪ ਦੇਤ ਤਨ ਮਨ ਦੰਤ ਹੰਤ ਹੋਤ ਗੋਤ ਲਾਜਿ ਗਹਿ ਲੀਜੀਐ ।

ਇਞੇ ਹੀ ਮੰਤ੍ਰ ਨੂੰ ਬੀਨ ਦੀ ਧੁਨੀ ਰਾਹੀਂ ਪੜ੍ਹਦਿਆਂ ਤੱਕ ਕੇ ਸੱਪ ਆਪਣਾ ਤਨ ਮਨ ਅਰਪਣ ਕਰ ਦਿੰਦਾ ਤੇ ਆਪਣੇ ਦੰਦਾਂ ਨੂੰ ਤੁੜਵਾ ਲੈਂਦਾ ਹੈ, ਬੱਸ ਇਸ ਤਰ੍ਹਾਂ ਹੀ ਗੋਤ ਬੰਸ ਦੀ ਲਾਜ ਦੁਵਾ ਕੇ ਓਸ ਨੂੰ ਫੜ ਲਈਦਾ ਹੈ।

ਮੋਹ ਨ ਭਗਤ ਭਾਵ ਸਬਦ ਸੁਰਤਿ ਹੀਨਿ ਗੁਰ ਉਪਦੇਸ ਬਿਨੁ ਧ੍ਰਿਗੁ ਜਗੁ ਜੀਜੀਐ ।੪੯੪।

ਪ੍ਰੰਤੂ ਏਨਾਂ ਆਨ ਦੇਵ ਸੇਵਕਾਂ ਨੂੰ ਭਗਤੀ ਭਾਵ ਵਿਖੇ ਮੋਹ ਪ੍ਯਾਰ ਕੁੱਤੇ ਵਰਗਾ ਭੀ ਨਹੀਂ ਭਾਵ ਪ੍ਰੇਮ ਤੋਂ ਸੱਖਣੇ ਹਨ, ਸ਼ਬਦ ਦੀ ਸ੍ਰੋਤ ਤੋਂ ਭੀ ਹੀਣੇ ਹਨ ਕ੍ਯੋਂਕਿ ਮ੍ਰਿਗ ਵਰਗਾ ਪ੍ਯਾਰ ਸ਼ਬਦ ਦਾ ਓਨਾਂ ਦੇ ਅੰਦਰ ਨਹੀਂ ਤੇ ਗੁਰ ਉਪਦੇਸ਼ ਤੋਂ ਭੀ ਬਿਹੂਨ ਹਨ ਅਰਥਾਤ ਸੱਪ ਵਾਕੂੰ ਮੰਤ੍ਰ ਧੁਨੀ ਦੀ ਆਨ ਭੀ ਓਨਾਂ ਦੇ ਅੰਦਰ ਨਹੀਂ ਇਸ ਨਹੀ ਕੁੱਤੇ ਮਿਰਗ ਸੱਪ ਨਾਲੋਂ ਭੀ ਇਨਾਂ ਭੈੜਿਆਂ ਦਾ ਸੰਸਾਰ ਅੰਦਰ ਜੀਊਣਾ ਹੀ ਫਿੱਟ ਫਿੱਟ ਦੇ ਲੈਕ ਹੁੰਦਾ ਹੈ ॥੪੯੪॥