ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 563


ਜੈਸੇ ਨਰਪਤਿ ਬਨਿਤਾ ਅਨੇਕ ਬ੍ਯਾਹਤ ਹੈ ਜਾ ਕੇ ਸੁਤ ਜਨਮ ਹ੍ਵੈ ਤਾਂਹੀ ਗ੍ਰਿਹ ਰਾਜ ਹੈ ।

ਜਿਵੇਂ ਰਾਜਾ ਅਨੇਕ ਇਸਤ੍ਰੀਆਂ ਵਿਆਹੁੰਦਾ ਹੈ, ਪਰ ਜਿਸ ਦੇ ਪੁਤਰ ਜੰਮ ਪਵੇ, ਉਸ ਦੇ ਘਰ ਰਾਜ ਸਮਝੀਦਾ ਹੈ।

ਜੈਸੇ ਦਧ ਬੋਹਥ ਬਹਾਇ ਦੇਤ ਚਹੂੰ ਓਰ ਜੋਈ ਪਾਰ ਪਹੁੰਚੈ ਪੂਰਨ ਸਭ ਕਾਜ ਹੈ ।

ਜਿਵੇਂ ਸਮੁੰਦਰ ਚਾਰੋਂ ਪਾਸੀਂ ਅਨੇਕਾਂ ਜਹਾਜ਼ ਤਰਾਈ ਫਿਰਦਾ ਹੈ, ਪਰ ਜਿਹੜਾ ਪਾਰ ਪਹੁੰਚ ਜਾਂਦਾ ਹੈ ਉਸੇ ਦੇ ਹੀ ਸਾਰੇ ਕੰਮ ਪੂਰਨ ਹੁੰਦੇ ਹਨ।

ਜੈਸੇ ਖਾਨ ਖਨਤ ਅਨੰਤ ਖਨਵਾਰੋ ਖੋਜੈ ਹੀਰਾ ਹਾਥ ਆਵੈ ਜਾ ਕੈ ਤਾਂ ਕੇ ਬਾਜੁ ਬਾਜ ਹੈ ।

ਜਿਵੇਂ ਅਨੇਕਾਂ ਖਾਣਾਂ ਪੁੱਟਣ ਵਾਲੇ ਹੀਰਾ ਲੱਭਣ ਲਈ ਖਾਣ ਪੁੱਟਦੇ ਹਨ, ਪਰ ਜਿਸ ਦੇ ਹੀਰਾ ਹੱਥ ਆਵੇ ਵਾਜਾ ਉਸੇ ਦੇ ਘਰ ਹੀ ਵੱਜਦਾ ਹੈ।

ਤੈਸੇ ਗੁਰਸਿਖ ਨਵਤਨ ਅਉ ਪੁਰਾਤਨ ਪੈ ਜਾਂ ਪਰ ਕ੍ਰਿਪਾ ਕਟਾਛ ਤਾਂ ਕੈ ਛਬਿ ਛਾਜ ਹੈ ।੫੬੩।

ਤਿਵੇਂ ਗੁਰਸਿੱਖਾਂ ਵਿਚ ਭਾਵੇਂ ਕੋਈ ਨਵਾਂ ਹੈ ਜਾਂ ਪੁਰਾਣਾ, ਜਿਸ ਪਰ ਗੁਰੂ ਦੀ ਮਿਹਰ ਦੀ ਨਜ਼ਰ ਹੋਵੇ,ਉਸੇ ਦੀ ਸੋਭਾ ਫਬਦੀ ਹੈ ॥੫੬੩॥


Flag Counter