ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 86


ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੁਇ ਅਕਥ ਕਥਾ ਬਿਨੋਦ ਕਹਤ ਨ ਆਏ ਹੈ ।

ਅੰਮ੍ਰਿਤ ਨਿਧਾਨ ਅੰਮ੍ਰਿਤ ਦੇ ਭੰਡਾਰ ਸਤਿਗੁਰਾਂ ਦੀ ਚਰਣ ਸਰਣ ਵਿਚੋਂ ਜਿਨਾਂ ਗੁਰਮੁਖਾਂ ਨੇ ਪ੍ਰੇਮ ਰਸ ਨੂੰ ਪਾਨ ਕਰ ਕੇ ਛਕ ਕੇ ਅਪਣੇ ਆਪ ਨੂੰ ਪੂਰਨ ਤ੍ਰਿਪਤੀਵਾਨ ਰੱਜਿਆ ਹੋਇਆ ਬਣਾਇਆ ਹੈ; ਓਨਾਂ ਦੇ ਬਿਨੋਦ ਆਨੰਦ ਦੀ ਕਥਾ ਅਕਥ ਰੂਪ ਹੈ, ਕਹਿਣ ਵਿਚ ਨਹੀਂ ਆ ਸਕਦੀ।

ਗਿਆਨ ਧਿਆਨ ਸਿਆਨ ਸਿਮਰਨ ਬਿਸਮਰਨ ਕੈ ਬਿਸਮ ਬਿਦੇਹ ਬਿਸਮਾਦ ਬਿਸਮਾਏ ਹੈ ।

ਗਿਆਨ ਛਾਂਟਨੇ, ਤੇ ਧਿਆਨ ਦੀਆਂ ਡੀੱਗਾਂ ਮਾਰਣੀਆਂ, ਅਰੁ ਸਾਨ ਸ੍ਯਾਣਪ ਜਾਣ ਪਛਾਣ ਦੇ ਧਨੀ ਹੋਣ ਦੇ ਦਮਗਜੇ ਚਲਾਣੇ ਤਥਾ ਸਿਮਰਣ ਵਾਹਗੁਰੂ ਦੀ ਯਾਦ ਦੇ ਰਸੀਏ ਹੋਣ ਦੇ ਤੁੱਕੇ ਛਡਨ ਦੇ ਪਾਜ ਭਰੇ ਵਤੀਰੇ ਨੂੰ ਬਿਸਿਮਰਨ ਕੈ ਮੂਲੋਂ ਹੀ ਭੁਲਾਕੇ, ਸੰਸਾਰ ਵਿਚ ਵਰਤ ਰਹੀ ਛਿਣ ਛਿਣ ਅੰਦਰਲੀ ਵਿਚਿਤ੍ਰਤਾ ਕਾਰਣ ਜਿਹੜੇ ਸਿਬਮ ਆਪਣੇ ਅੰਦਰ ਹਰਾਨ ਹੋ ਰਹਿੰਦੇ ਹਨ ਤੇ ਇਸੇ ਕਰ ਕੇ ਹੀ ਉਹ ਬਿਦੇਹ ਦੇਹ ਦੀ ਸੁਰਤ ਭੀ ਵਿਸਾਰ ਕੇ ਮਾਨੋਂ ਜੀਉਂਦੇ ਹੀ ਮਰ ਜਾਂਦੇ ਹਨ ਅਰੁ ਇੰਞੇ ਹੀ ਆਪ੍ਯੋਂ ਬਾਹਰ ਰਹਿੰਦੇ ਰਹਿੰਦੇ ਬਿਸਮਾਦ ਦੇਹ ਆਤਮਾ ਦੇ ਅਧ੍ਯਾਸ ਦੀ ਵਿਖਮ ਗੰਢ ਟੁੱਟਨ ਦੀ ਆਦਲੀ ਅਨੁਭਵੀ ਅਵਸਥਾ ਵਿਖੇ ਬਿਸਮਾਏ ਹੈ ਬਿ+ਸਮਾਏ ਹੈ ਵਿਸ਼ੇਸ਼ ਕਰ ਕੇ ਲੀਨ ਹੋ ਜਾਵੇ ਹੈ। ਭਾਵ ਆਤਮ ਸਰੂਪੀ ਅਨਭਉ ਪਦ ਵਿਖੇ ਮਗਨ ਹੋਏ ਰਹਿੰਦੇ ਹਨ।

ਆਦਿ ਪਰਮਾਦਿ ਅਰੁ ਅੰਤ ਕੈ ਅਨੰਤ ਭਏ ਥਾਹ ਕੈ ਅਥਾਹ ਨ ਅਪਾਰ ਪਾਰ ਪਾਏ ਹੈ ।

ਆਦਿ ਪਰਮਾਦਿ ਹੁਣ ਉਹ ਆਦਿ ਵਜੋਂ ਤਾਂ ਆਦਿ ਤੋਂ ਪਰੇ ਆਦਿ ਰਹਿਤ ਹੋ ਜਾਂਦੇ ਹਨ ਕ੍ਯੋਂਕਿ ਆਦਿ ਜੁਗਾਦਿ ਪਦ ਵਿਖੇ ਇਸਥਿਤ ਹੋ ਗਏ ਹਨ, ਅਰੁ ਅੰਤ ਵੱਲੋਂ ਅਨੰਤ ਅੰਤ ਰਹਿਣ ਬਣ ਜਾਂਦੇ ਹਨ ਕ੍ਯੋਂਕਿ ਬੇ ਓੜਕ ਬੇਹੱਦ ਸਰੂਪ ਵਿਚ ਸਮਾਈ ਪਾ ਲਈ ਹੈ ਤੇ ਇਸੇ ਤਰ੍ਹਾਂ ਥਾਹ ਕੈ ਥਾਹ ਵੱਲੋਂ ਅਥਾਹ ਅਸਗਾਹ ਹੋ ਜਾਣ ਕਰ ਕੇ ਓਨਾਂ ਦੀ ਹਾਥ ਨਹੀਂ ਪਾਈ ਜਾ ਸਕਦੀ ਓਨਾਂ ਦੇ ਆਸ਼ਯ ਦਾ ਥੌਹ ਨਹੀਂ ਪਾ ਸਕੀਦਾ ਅਤੇ ਉਹ ਅਪਾਰ ਪਾਰਬ੍ਰਹਮ ਸਰੂਪ ਵਿਖੇ ਅਭੇਦ ਹੋ ਗਏ ਹਨ, ਸੋ ਓਨਾਂ ਦਾ ਪਾਰ ਮਰਮ ਆਦਰਸ਼ ਧੁਰ ਮੰਜਲ ਟਿਕਾਣਾ ਭੀ ਨਹੀਂ ਪਾਯਾ ਜਾ ਸਕਦਾ।

ਗੁਰ ਸਿਖ ਸੰਧਿ ਮਿਲੇ ਬੀਸ ਇਕੀਸ ਈਸ ਸੋਹੰ ਸੋਈ ਦੀਪਕ ਸੈ ਦੀਪਕ ਜਗਾਇ ਹੈ ।੮੬।

ਤਾਤਪਰਯ ਕੀਹ ਕਿ ਗੁਰਸਿਖ ਸੰਧਿ ਮਿਲ੍ਯਾਂ ਐਉਂ ਬੀਸ ਇਕਈਸ ਵੀਹਾਂ ਦੇ ਵਰਤਾਰੇ ਵਿਚੋਂ ਇਕੀਸਵੇਂ ਈਸ਼੍ਵਰੀ ਪ੍ਰਾਇਣੀ ਵਰਤਾਰੇ ਵਿਚ ਵਰਤ ਕੇ ਈਸ ਪਰਮੇਸ਼੍ਵਰ ਨਾਲ ਅਭੇਦ ਹੋ ਜਾਂਦੇ ਹਨ। ਅਤੇ 'ਸੋਹੰ ਸੋਈ' ਉਹ ਪਰਮਾਤਮਾ ਮੈਂ ਜੀਵ 'ਉਹੀ ਈ' ਇਹ ਜਗਤ ਭਾਵ ਉਹ ਪਰਮਾਤਮਾ ਹੀ ਦੇਹ ਅੰਦਰ ਮੈਂ ਮੈਂ ਕਰਣਹਾਰਾ ਆਤਮਾ ਆਪਾ ਹੈ ਅਰ ਓਹੀ ਆਪਾ ਹੀ ਈ ਇਸ ਸਮੂਹ ਜਗਤ ਸੰਪੂਰਣ ਦੇਹ ਧਾਰੀਆਂ ਦਾ ਆਤਮਾ ਹੈ, ਇਉਂ ਦੇ ਨਿਸਚੇ ਵਿਚ ਮਗਨ ਹੋ ਕੇ ਜੀਕੂੰ ਦੀਪਕ ਸੈ ਦੀਪਕ ਜਗਾਏ ਹੈ ਦੀਵੇ ਤੋਂ ਦੀਵਾ ਜਗਾਈਦਾ ਹੈ, ਤੀਕੂੰ ਹੀ ਜ੍ਯੋਤੀ ਸਰੂਪ ਨਾਲ ਅਭੇਦ ਹੋ ਕੇ ਜ੍ਯੋਤੀ ਸਰੂਪ ਹੋ ਪ੍ਰਕਾਸ਼ਿਆ ਕਰਦਾ ਹੈ ॥੮੬॥


Flag Counter