ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 280


ਗੁਰਮੁਖਿ ਸਬਦ ਸੁਰਤਿ ਹਉਮੈ ਮਾਰਿ ਮਰੈ ਜੀਵਨ ਮੁਕਤਿ ਜਗਜੀਵਨ ਕੈ ਜਾਨੀਐ ।

ਸ਼ਬਦ ਵਿਖੇ ਸੁਰਤ ਨੂੰ ਜੋੜ ਕੇ ਐਸਾ ਗੁਰਮੁਖ ਹਉਮੈ ਦੇਹ ਅਧ੍ਯਾਸ ਦੇਹ ਵਿਖੇ ਆਪਾ ਬੁਧੀ ਰੂਪ ਹੰਤਾ ਨੂੰ ਮਾਰ ਸਿੱਟਦਾ ਹੈ, ਤੇ ਇਸੇ ਅਨ ਹੋਏ ਅਨਾਪੇ ਰੂਪ ਆਪੇ ਨੂੰ ਮਾਰ ਦੇਣ ਕਰ ਕੇ ਉਹ ਮਰ ਜਾਂਦਾ ਹੈ। ਇਉਂ ਜਗਤ ਵੱਲੋਂ ਮਰ ਕੇ ਉਹ ਜੀਵਨ ਮੁਕਤ ਜੀਉਂਦੇ ਜੀ ਹੀ ਸੰਸਾਰੀ ਬੰਧਨਾਂ ਤੋਂ ਛੁੱਟਿਆ ਹੋਇਆ ਬ੍ਰਹਮ ਗਿਆਨੀ ਬਣਾ ਜਾਂਦਾ ਹੈ, ਸੋ ਐਸਾ ਪੁਰਖ ਹੀ ਜਗਤ ਦੀ ਜੀਵਨ ਪਰਮਾਤਮਾ ਕਰ ਕੇ ਜਾਣੋ।

ਅੰਤਰਿ ਨਿਰੰਤਰਿ ਅੰਤਰ ਪਟ ਘਟਿ ਗਏ ਅੰਤਰਜਾਮੀ ਅੰਤਰਿਗਤਿ ਉਨਮਾਨੀਐ ।

ਨਿਰੰਤਰਿ = ਲਗਾਤਾਰ ਇਕ ਰਸ ਅੰਤਰਿ ਆਤਮੇ ਆਪਣੇ ਅੰਤਰਮੁਖੀ ਚੈਤੰਨ ਪ੍ਰਕਾਸ਼ ਦੇ ਧਿਆਨ ਵਿਖੇ ਜੁੱਟਿਆ ਰਹਿਣਾ ਹੀ ਪਰਮ ਪ੍ਰਯੋਜਨ ਜਿਸ ਨੇ ਜਾਣ ਰਖਿਆ ਹੈ, ਓਸ ਦੇ ਅੰਤਰ ਅੰਦਰ ਦੇ ਅੰਤਾਕਰਣ ਦੇਵ ਅੰਤਰਾ ਬਿਵਧਾਨ = ਭੇਦ ਮਾਲਕ ਨਾਲੋਂ ਵਿੱਥ ਪਾਣ ਵਾਲੇ ਪਟ ਪੜਦੇ ਭਰਮ ਦੇ ਘਟਿ ਗਏ ਸਭ ਘਟ ਜਾਂਦੇ ਛੀਣ ਹੋ ਗਏ ਹਨ, ਜਿਸ ਕਰ ਕੇ ਉਨਮਾਨੀਐ ਨਿਸਚੇ ਕਰੇ ਕਿ ਅੰਤਰਜਾਮੀ ਅਕਾਲ ਪੁਰਖ, ਐਸੇ ਗੁਰਮੁਖ ਦੇ ਅੰਤਰਾਗਤਿ = ਅੰਤਰ+ਆਗਤਿ ਅੰਦਰ ਰਿਦੇ ਵਿਖੇ ਆਇਆ ਹੋਇਆ ਸਾਖ੍ਯਾਤਕਾਰਿਤਾ ਨੂੰ ਪ੍ਰਾਪਤ ਹੋਇਆ ਹੋਇਆ ਹੈ।

ਬ੍ਰਹਮਮਈ ਹੈ ਮਾਇਆ ਮਾਇਆਮਈ ਹੈ ਬ੍ਰਹਮ ਬ੍ਰਹਮ ਬਿਬੇਕ ਟੇਕ ਏਕੈ ਪਹਿਚਾਨੀਐ ।

ਹੁਣ ਓਸ ਦੀ ਦ੍ਰਿਸ਼ਟੀ ਵਿਖੇ ਬ੍ਰਹਮ ਸਰੂਪ ਹੀ ਭਾਸਦੀ ਹੈ ਮਾਇਆ ਜਗਤ ਰਚਨਾ = ਸੰਸਾਰ ਅਤੇ ਮਾਇਅ ਮਈ ਦ੍ਰਿਸ਼੍ਯ ਪ੍ਰਪੰਚ ਰੂਪ ਵਿਸ਼੍ਵ ਭਰ ਹੀ ਇਕ ਮਾਤ੍ਰ ਬ੍ਰਹਮ ਸ੍ਵਰੂਪ। ਬੱਸ ਇਕ ਵਾਹਿਗੁਰੂ ਨੂੰ ਹੀ ਉਹ ਪਛਾਣਦਾ ਹੈ।

ਪਿੰਡ ਬ੍ਰਹਮੰਡ ਬ੍ਰਹਮੰਡ ਪਿੰਡ ਓਤ ਪੋਤਿ ਜੋਤੀ ਮਿਲਿ ਜੋਤਿ ਗੋਤ ਬ੍ਰਹਮ ਗਿਆਨੀਐ ।੨੮੦।

ਇਥੋਂ ਤਕ ਕਿ ਪਿੰਡ ਸਰੀਰ ਵਿਖੇ ਬ੍ਰਹਮੰਡ ਨੂੰ ਅਤੇ ਬ੍ਰਹਮੰਡ ਵਿਖੇ ਸਰੀਰ ਤਾਣੇ ਪੇਟੇ ਵਤ ਓਤ ਪੋਤਿ ਆਪੋ ਵਿਚ ਗੁੰਥ੍ਯਾ ਹੋਯਾ ਭੇਦ ਰਹਿਤ ਜਾਣਦਿਆਂ ਹੋਇਆਂ, ਓਸ ਦੀ ਜੋਤ ਆਤਮ ਜੋਤੀ ਰੂਹ ਪਰਮ ਜੋਤੀ ਸਰੂਪ ਰੂਹ ਦੇ ਮਾਲਕ ਪਰਮਾਤਮੇ ਵਿਖੇ ਮਿਲੀ ਰਹਿੰਦੀ ਹੈ। ਐਸੇ ਪੁਰਖ ਦੀ ਹੀ ਗੋਤ ਸੰਗ੍ਯਾ ਬ੍ਰਹਮ ਗਿਆਨੀ ਹੈ ਅਥਵਾ ਐਸਾ ਪੁਰਖ ਹੀ ਬ੍ਰਹਮ ਗਿਆਨੀ ਗੋਤ ਆਖਿਆ ਜਾਂਦਾ ਹੈ ॥੨੮੦॥


Flag Counter