ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 645


ਜੈਸੇ ਤਉ ਪਪੀਹਾ ਪ੍ਰਿਯ ਪ੍ਰਿਯ ਟੇਰ ਹੇਰੇ ਬੂੰਦ ਵੈਸੇ ਪਤਿਬ੍ਰਤਾ ਪਤਿਬ੍ਰਤ ਪ੍ਰਤਿਪਾਲ ਹੈ ।

ਜਿਵੇਂ ਕਿ ਪਪੀਹਾ ਹੇ ਪਿਆਰੇ! ਹੇ ਪਿਆਰੇ! ਕਹਿੰਦਾ ਸ੍ਵਾਂਤਿ ਬੂੰਦ ਨੂੰ ਤਰਸਦਾ ਹੈ ਤਿਵੇਂ ਪਤਿਬ੍ਰਤਾ ਇਸਤ੍ਰੀ ਪਤਿਬ੍ਰਤ ਧਰਮ ਦੀ ਪਾਲਣਾ ਕਰਦੀ ਹੈ।

ਜੈਸੇ ਦੀਪ ਦਿਪਤ ਪਤੰਗ ਪੇਖਿ ਜ੍ਵਾਰਾ ਜਰੈ ਤੈਸੇ ਪ੍ਰਿਆ ਪ੍ਰੇਮ ਨੇਮ ਪ੍ਰੇਮਨੀ ਸਮ੍ਹਾਰ ਹੈ ।

ਜਿਵੇਂ ਦੀਵਾ ਜਗਦਾ ਦੇਖ ਕੇ ਪਤੰਗਾ ਦੀਵੇ ਦੀ ਲਾਟ ਵਿਚ ਸੜ ਮਰਦਾ ਹੈ ਤਿਵੇਂ ਪ੍ਰੇਮ ਕਰਨ ਵਾਲੀ ਇਸਤ੍ਰੀ ਪਿਆਰੇ ਦੇ ਪ੍ਰੇਮ ਦੇ ਨੇਮਾਂ ਨੂੰ ਸੰਭਾਲਦੀ ਹੈ।

ਜਲ ਸੈ ਨਿਕਸ ਜੈਸੇ ਮੀਨ ਮਰ ਜਾਤ ਤਾਤ ਬਿਰਹ ਬਿਯੋਗ ਬਿਰਹਨੀ ਬਪੁ ਹਾਰ ਹੈ ।

ਜਿਵੇਂ ਪਾਣੀ ਵਿਚੋਂ ਨਿਕਲ ਕੇ ਮੱਛੀ ਝੱਟ ਮਰ ਜਾਂਦੀ ਹੈ; ਤਿਵੇਂ ਬਿਰਹਨੀ ਇਸਤ੍ਰੀ ਬਿਰਹ ਵਿਯੋਗ ਵਿਚ ਆਪਣਾ ਸਰੀਰ ਹਾਰ ਦਿੰਦੀ ਹੈ।

ਬਿਰਹਨੀ ਪ੍ਰੇਮ ਨੇਮ ਪਤਿਬ੍ਰਤਾ ਕੈ ਕਹਾਵੈ ਕਰਨੀ ਕੈ ਐਸੀ ਕੋਟਿ ਮਧੇ ਕੋਊ ਨਾਰ ਹੈ ।੬੪੫।

ਪਰ ਬਿਰਹਨੀ ਰਹਿ ਕੇ ਪ੍ਰੇਮ ਨੇਮ ਕਰਦਿਆਂ ਜੋ ਪਤਿਬ੍ਰਤਾ ਕਹਾਵੇ; ਐਸੀ ਕਰਣੀ ਕਰਨ ਵਾਲੀ ਕ੍ਰੋੜਾਂ ਵਿਚ ਕੋਈ ਇਕ ਪਤਿਬ੍ਰਤਾ ਇਸਤਰੀ ਹੁੰਦੀ ਹੈ ॥੬੪੫॥


Flag Counter