ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 101


ਜੈਸੇ ਮਾਤਾ ਪਿਤਾ ਪਾਲਕ ਅਨੇਕ ਸੁਤ ਅਨਕ ਸੁਤਨ ਪੈ ਨ ਤੈਸੇ ਹੋਇ ਨ ਆਵਈ ।

ਜਿਸ ਤਰ੍ਹਾਂ ਮਾਤਾ ਪਿਤਾ ਅਨੇਕ ਪੁਤ੍ਰਾਂ ਦੀ ਪ੍ਰਤਿਪਾਲਾ ਸੰਭਾਲ ਖਾਤਰਦਾਰੀ ਕਰਦੇ ਹਨ; ਪਰੰਤੂ ਪੁਤਰਾਂ ਪਾਸੋਂ ਉਸ ਪ੍ਰਕਾਰ ਨਹੀਂ ਹੋ ਔਂਦਾ ਕਿ ਉਹ ਭੀ ਉਸੇ ਤਰ੍ਹਾਂ ਹੀ ਮਾਪਿਆਂ ਦੀ ਸੇਵਾ ਕਰਨ।

ਜੈਸੇ ਮਾਤਾ ਪਿਤਾ ਚਿਤ ਚਾਹਤ ਹੈ ਸੁਤਨ ਕਉ ਤੈਸੇ ਨ ਸੁਤਨ ਚਿਤ ਚਾਹ ਉਪਜਾਵਈ ।

ਜਿਸ ਤਰ੍ਹਾਂ ਮਾਪੇ ਚਿੱਤ ਵਿਚ ਬਚਿਟਾਂ ਨੂੰ ਲੋਚਦੇ ਚਾਹੁੰਦੇ ਰਹਿੰਦੇ ਹਨ, ਉਸ ਤਰ੍ਹਾਂ ਦੀ ਚਾਹਨਾਂ ਮਾਪਿਆਂ ਦੀ ਖਾਤਰ ਬੱਚਿਆਂ ਦੇ ਚਿੱਤਾਂ ਅੰਤਰ ਨਹੀਂ ਉਮਗਿਆ ਕਰਦੀ।

ਜੈਸੇ ਮਾਤਾ ਪਿਤਾ ਸੁਤ ਸੁਖ ਦੁਖ ਸੋਗਾਨੰਦ ਦੁਖ ਸੁਖ ਮੈ ਨ ਤੈਸੇ ਸੁਤ ਠਹਰਾਵਈ ।

ਜਿਸ ਤਰ੍ਹਾਂ ਮਾਤਾ ਪਿਤਾ ਪੁਤਰਾਂ ਦੇ ਸੁਖ ਦੁਖ ਬਿਆਪਿਆਂ ਸੁਖ ਸਮੇਂ ਸੁਖੀ ਤੇ ਦੁਖ ਸਮੇਂ ਦੁਖੀ ਹੋ ਕੇ ਆਨੰਦਵਾਨ ਤੇ ਸੋਗਾਤੁਰ ਹੋ ਜਾਯਾ ਕਰਦੇ ਹਨ, ਉਸ ਤਰਾਂ ਬੱਚੇ ਮਾਪਿਆਂ ਦੇ ਸੁਖ ਦੁਖ ਸਮੇਂ ਖੁਸ਼ੀ ਤੇ ਰੰਗ ਨੂੰ ਅਪਣੇ ਅੰਦਰ ਨਹੀ ਲਿਆਯਾ ਕਰਦੇ।

ਜੈਸੇ ਮਨ ਬਚ ਕ੍ਰਮ ਸਿਖਨੁ ਲੁਡਾਵੈ ਗੁਰ ਤੈਸੇ ਗੁਰ ਸੇਵਾ ਗੁਰਸਿਖ ਨ ਹਿਤਾਵਈ ।੧੦੧।

ਬਿਲਕੁਲ ਇਸੇ ਭਾਂਤ ਜਿਸ ਤਰ੍ਹਾਂ ਸਤਿਗੁਰੂ ਅਪਣਿਆਂ ਸਿੱਖਾਂ ਨੂੰ ਮਨ ਬਚ ਕ੍ਰਮ ਮਨ ਬਾਣੀ ਸਰੀਰ ਕਰ ਕੇ ਲਡਾਵੈ ਲਡਾਇਆ ਕਰਦੇ ਹਨ। ਭਾਵ ਮਨ ਕਰ ਕੇ ਓਨਾਂ ਦਾ ਹਿਤ ਚਿਤਾਰਦੇ ਹਨ, ਜੀਕੂੰ ਮੰਡੀ ਵਾਲੇ ਰਾਜੇ ਦਾ ਹਿਤ ਪਾਲ੍ਯਾ, ਯਾ ਤੀਰਥ ਲੰਗਰ ਬਾਣੀ ਆਦਿ ਨਿਰਮਾਣ ਕਰਨ ਵਿਚ ਸਮੂਹ ਸਿੱਖਾਂ ਦਾ ਭਲਾ ਓਨਾਂ ਚਿਤਵਿਆ, ਤੇ ਬਾਣੀ ਕਰ ਕੇ ਅਨੰਤ ਪ੍ਰਕਾਰ ਦੇ ਹਿਤ ਕਰੇ ਉਪਦੇਸ਼ ਕੀਤੇ, ਤਥਾ ਆਪਣੇ ਸਰੀਰਾਂ ਉਪਰ ਕਸ਼ਟ ਸਹਿ ਸਹਿ ਸਿੱਖਾਂ ਦੇ ਜਹਾਜਾਂ ਨੂੰ ਪਾਰ ਕੀਤਾ ਯਾ ਸਾਖ੍ਯਾਤ ਓਨਾਂ ਦੇ ਕਸ਼੍ਟਾਂ ਅਰ ਤਸੀਹਿਆਂ ਨੂੰ ਆਪਣੇ ਉਪਰ ਸਹਾਰਿਆ, ਜਿਹਾ ਕਿ ਦਸਮ ਪਾਤਸ਼ਾਹ ਜੀ ਦੀਆਂ ਅਰੁ ਹੋਰ ਪੂਰਬਲੇ ਗੁਰੂਆਂ ਦੀਆਂ ਸਾਖੀਆਂ ਵਿਚ ਪ੍ਰਸਿੱਧ ਹੈ। ਪਰ ਇਸ ਪ੍ਰਕਾਰ ਸਤਿਗੁਰਾਂ ਦੀ ਸਿੱਖੀ ਦੇ ਅਸੂਲ ਪਾਲਨ ਰੂਪ ਓਨਾਂ ਦੀ ਆਗ੍ਯਾਮਈ ਸੇਵਾ ਦਾ ਜ੍ਯੋਂ ਕਾ ਤ੍ਯੋਂ ਨਿਬਾਹਨਾਂ ਗੁਰਸਿੱਖਾਂ ਨੂੰ ਪ੍ਯਾਰਾ ਨਹੀਂ ਲਗਦਾ ਹੈ। ਤਾਤਪ੍ਰਯ ਕੀਹ ਕਿ ਜੀਕੂੰ ਵਿਹਾਰੀ ਮਾਪੇ ਬਚਿਆਂ ਦੀ ਬੇ ਪ੍ਰਵਾਹੀ ਵਿਚ ਭੀ ਆਪਣੇ ਅੰਗ ਪਾਲਦੇ ਹਨ, ਤੀਕੂੰ ਹੀ ਪਰਮਾਰਥੀ ਸੱਚੇ ਪਿਤਾ ਮਾਤਾ ਸਰੂਪ ਸਤਿਗੁਰੂ ਭੀ ਸੰਸਾਰ ਸਮੁੰਦ੍ਰ ਤੋਂ ਸਿੱਖਾਂ ਨੂੰ ਤਾਰਨਾ ਹੀ ਤਾਰਨਾ ਅਪਣਾ ਧਰਮ ਸਮਝ ਕੇ ਵਰਤਿਆ ਕਰਦੇ ਹਨ ॥੧੦੧॥


Flag Counter