ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 426


ਸਲਿਲ ਸੁਭਾਵ ਜੈਸੇ ਨਿਵਨ ਗਵਨ ਗੁਨ ਸੀਚੀਅਤ ਉਪਬਨ ਬਿਰਵਾ ਲਗਾਇ ਕੈ ।

ਜਿਸ ਤਰ੍ਹਾਂ ਜਲ ਦਾ ਸੁਭਾਵ ਨਿਊਂ ਕੇ ਚਲਣਾ ਹੈ ਤੇ ਉਪਬਨ ਬਾਗ ਬਿਰਵਾ ਬੂਟਾ ਲਗਾ ਕੇ ਸਿੰਚੀਏ ਇਸ ਨੂੰ ਛਿੜਕੀਏ ਪਾਈਏ ਤਾਂ ਇਸ ਪ੍ਰਕਾਰ ਦੇ ਝੁਕਨ ਵਾਲੇ ਹੀ ਗੁਨ ਫਲ ਨੂੰ ਪ੍ਰਗਟਾਯਾ ਕਰਦਾ ਹੈ।

ਜਲਿ ਮਿਲਿ ਬਿਰਖਹਿ ਕਰਤ ਉਰਧ ਤਪ ਸਾਖਾ ਨਏ ਸਫਲ ਹੁਇ ਝਖ ਰਹੈ ਆਇ ਕੈ ।

ਪਹਿਲੇ ਜਲ ਬਿਰਛ ਨਾਲ ਮਿਲ ਕੇ ਆਪਣਾ ਨਿਵਨ ਸੁਭਾਵ ਪਲਟ ਕੇ ਉੱਚਾ ਹੋ ਤਪ ਕਰਦਾ ਹੈ; ਅਤੇ ਫੇਰ ਬਿਰਛ ਆਪਣੇ ਉਚੇ ਵਧਨ ਵਾਲੇ ਸੁਭਾਵ ਨੂੰ ਛੱਡ ਕੇ ਮਾਨੋ ਨਿਉਂ ਚਲਣ ਹਾਰੇ ਜਲ ਦੀ ਸੰਗਤ ਕਾਰਣ ਟਾਹਣੀਆਂ ਸਿਰੋਂ ਨੀਵੀਆਂ ਕਰ ਦਿੰਦਾ ਹੈ; ਤੇ ਫਲ ਲਗਣ ਪੁਰ ਹੇਠਾਂ ਨੂੰ ਆਣ ਕੇ ਝੁਕਿਆ ਰਹਿੰਦਾ ਹੈ।

ਪਾਹਨ ਹਨਤ ਫਲਦਾਈ ਕਾਟੇ ਹੋਇ ਨਉਕਾ ਲੋਸਟ ਕੈ ਛੇਦੈ ਭੇਦੇ ਬੰਧਨ ਬਧਾਇ ਕੈ ।

ਨਾਲ ਹੀ ਜਲ ਦੇ ਉਪਕਾਰੀ ਸੁਭਾਵ ਨੂੰ ਅਪਣੇ ਵਿਚ ਲੈ ਕੇ ਇਹ ਬਿਰਛ ਪਥਰ ਮਾਰ੍ਯਾਂ ਫਲ ਦਾਈ ਫਲ ਦੇਨਹਾਰਾ ਬਨ ਜਾਂਦਾ ਹੈ: ਅਤੇ ਕੱਟੀਏ ਤਾਂ ਲੋਹੇ ਦ੍ਵਾਰੇ ਛੇਦਨ ਭੇਦਨ ਹੋ ਕੇ ਰੱਸਿਆਂ ਦੇ ਬੰਨਣਾਂ ਨਾਲ ਜਕੜੀ ਹੋਈ ਬੇੜੀ ਬਣ੍ਯਾ ਕਰਦਾ ਹੈ।

ਪ੍ਰਬਲ ਪ੍ਰਵਾਹ ਸੁਤ ਸਤ੍ਰ ਗਹਿ ਪਾਰਿ ਪਰੇ ਸਤਿਗੁਰ ਸਿਖ ਦੋਖੀ ਤਾਰੈ ਸਮਝਾਇ ਕੈ ।੪੨੬।

ਓਸ ਬੇੜੀ ਨੂੰ ਪ੍ਰਬਲ ਪ੍ਰਵਾਹ ਭਾਰੇ ਹੜ ਵਿਚ ਪੈਂਦਿਆਂ ਤੱਕ ਜਲ ਨਾ ਕੇਵਲ ਅਪਣਾ ਪੁਤ੍ਰ ਜਾਣ ਕੇ ਕਾਠ ਨੂੰ ਹੀ ਪਾਰ ਕਰਦਾ ਹੈ; ਸਗਮਾਂ ਪੁਤ੍ਰ ਦੇ ਚੀਰਣ ਪਾੜਨ ਵਾ ਮੇਖਾਂ ਰਾਹੀਂ ਕੱਸਨ ਹਾਰੇ ਸ਼ਤ੍ਰੂ ਨੂੰ ਭੀ ਓਸ ਦੇ ਨਾਲ ਹੀ ਲੈ ਪਾਰ ਕਰ ਦਿੰਦਾ ਹੈ। ਏਕੂੰ ਹੀ ਸਤਿਗੁਰੂ ਭੀ ਆਪਣੇ ਸਿੱਖ ਦੇ ਦੋਖੀ ਨੂੰ ਸਮਝਾ ਕੇ ਸੰਸਾਰ ਤੋਂ ਤਾਰ ਦਿਆ ਕਰਦੇ ਹਨ। ਭਾਵ ਜੀਕੁਨ ਜਲ ਕਾਠ ਨੂੰ ਕਸ਼ਟ ਪਰ ਕਸ਼ਟ ਦੇ ਕੇ ਬਹੁਤ ਉਪਕਾਰ ਦੇ ਲੈਕ ਬਣਾ ਦੇਣ ਵਾਲਾ ਜਾਣ ਕੇ ਲੋਹੇ ਨੂੰ ਭੀ ਪਾਰ ਕਰ ਦਿੰਦਾ ਹੈ, ਤੀਕੁਨ ਹੀ ਸਿੱਖ ਦੇ ਦੋਖ ਪ੍ਰਗਟ ਕਰਣ ਹਾਰ ਹੋਣ ਕਰ ਕੇ ਓਸ ਨੂੰ ਓਸ ਦੀਆਂ ਅਪਣੀਆਂ ਕਮਜ਼ੋਰੀਆਂ ਦੱਸ ਦੱਸ ਕੇ ਮਾਨੋ ਓਸ ਦੋਖੀ ਨੂੰ ਭੀ ਪ੍ਰੋਪਕਾਰੀ ਮੰਨਕੇ ਤਾਰ ਦਿਆ ਕਰਦੇ ਹਨ ॥੪੨੬॥


Flag Counter