ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 12


ਜਉ ਲਉ ਅਨਰਸ ਬਸਿ ਤਉ ਲਉ ਨਹੀ ਪ੍ਰੇਮ ਰਸੁ ਜਉ ਲਉ ਆਨ ਧਿਆਨ ਆਪਾ ਆਪੁ ਨਹੀ ਦੇਖੀਐ ।

ਜਉ ਲਉ = ਜਦੋਂ ਤਕ ਅਨਰਸ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪ ਹੋਰ ਹੋਰ ਅਨਾਤਮ ਪਦਾਰਥਾਂ ਦੇ ਬਸ ਵੱਸ = ਅਧੀਨ ਹੋਇਆ ਹੋਇਆ ਹੈ, ਭਾਵ ਵਿਖਯ ਰਸਾਂ ਬਿਨਾਂ ਜਦ ਤਕ ਰਹਿ ਨਹੀਂ ਸਕਦਾ, ਤਦੋਂ ਤਕ ਨਹੀਂ ਪ੍ਰਾਪਤ ਹੁੰਦਾ, ਪ੍ਰੇਮ ਰਸ ਅੰਦਰਲੇ ਦੇ ਪ੍ਰੇਮ ਦਾ ਸੁਆਦ। ਅਰੁ ਇਸੇ ਤਰ੍ਹਾਂ ਜਦੋਂ ਤਕ ਆਨ ਧਿਆਨ = ਅਨਾਤਮਤ ਪਦਾਰਥਾਂ ਦੀ ਤਾਂਘ ਅੰਤਰ ਆਤਮੇ ਤੋਂ ਛੁੱਟ ਬਾਹਰਲੇ ਭੋਗ ਪਦਾਰਥਾਂ ਦਾ ਖਿਆਲ ਹੋਵੇ ਆਪ ਆਪ ਆਪਨਾ ਆਪ = ਸ਼ੁੱਧ ਸਰੂਪ ਆਤਮਾ ਨਹੀਂ ਦਿੱਸਦਾ = ਭਾਵ ਓਸ ਦਾ ਸਾਖ੍ਯਾਤ ਅਨਭਉ ਨਹੀਂ ਹੋ ਸਕਦਾ।

ਜਉ ਲਉ ਆਨ ਗਿਆਨ ਤਉ ਲਉ ਨਹੀ ਅਧਿਆਤਮ ਗਿਆਨ ਜਉ ਲਉ ਨਾਦ ਬਾਦ ਨ ਅਨਾਹਦ ਬਿਸੇਖੀਐ ।

ਇੰਞੇ ਹੀ ਜਦੋਂ ਤਕ ਹੋਰ ਗਿਆਨਾਂ ਆਤਮ ਗਿਆਨ ਨੂੰ ਪ੍ਰਾਪਤ ਕਰਨ ਦੇ ਖਿਆਲ ਨੂੰ ਇਕ ਪਾਸੇ ਛੱਡ ਕੇ ਬਾਹਰੀਲਆਂ ਅਨਾਤਮ ਪ੍ਰਾਇਣੀ ਸ੍ਯਾਨਪਾਂ ਜਾਣਕਾਰੀਆਂ ਦੀ ਧੁਨ ਲੱਗੀ ਹੋਈ ਹੋਵੇ, ਤਦੋਂ ਤਕ ਨਹੀਂ ਪ੍ਰਾਪਤ ਹੋਇਆ ਕਰਦਾ। (ਅਧ੍ਯਾਤਮ ਗਿਆਨ = ਆਤਮਾ ਨੂੰ ਹੀ ਆਸਰੇ ਕਰਨ ਵਾਲਾ ਆਤਮ ਪ੍ਰਾਇਣੀ ਗਿਆਨ) ਅਰੁ ਫੇਰ ਜਦ ਤਕ ਨਾਦ ਗੂੰਜ = ਧੁੰਨੀ = ਸ੍ਰੋਦ ਬਾਦ ਬਾਜਿਆਂ ਦੀ ਅੰਦਰ ਵਸ ਰਹੀ ਹੋਵੇ, ਭਾਵ ਓਨਾਂ ਦੇ ਸੁਨਣ ਲਈ ਜੀ ਲਲਚੌਂਦਾ ਹੋਵੇ, ਤਦ ਤਕ ਨਹੀਂ ਅਨਾਹਦ ਅਗੰਮੀ ਸ਼ਬਦ ਦੀ ਧੁਨੀ ਦੀ ਕੁਛ ਵਿਸ਼ੇਖਤਾ ਵਡਿਆਈ ਪ੍ਰਤੀਤ ਹੋ ਸਕਦੀ।

ਜਉ ਲਉ ਅਹੰਬੁਧਿ ਸੁਧਿ ਹੋਇ ਨ ਅੰਤਰਿ ਗਤਿ ਜਉ ਲਉ ਨ ਲਖਾਵੈ ਤਉ ਲਉ ਅਲਖ ਨ ਲੇਖੀਐ ।

ਅਤੇ ਐਸਾ ਹੀ ਹਉਮੈ ਬੁੱਧੀ ਮੈਂ ਮੇਰੀ ਦਾ ਮਾਨ ਅੰਦਰ ਵੱਸਿਆ ਹੋਵੇ ਜਦੋਂ ਤਕ, ਸੁਧਿ ਸੋਝੀ ਨਹੀਂ ਹੋ ਸਕਦੀ (ਅੰਤਰਗਤਿ ਅੰਦਰਲੇ ਚੱਜ ਦੀ ਵਾ ਅੰਦਰਲੀ ਦਸ਼ਾ ਅਥਵਾ ਚਾਲੇ ਦੀ) ਯਾ ਇਉਂ ਕਹੋ ਕਿ ਜੋ ਅੰਤਰ = ਵਿੱਥ ਭੇਦ ਭਾਵਨਾ ਪਈ ਹੋਈ ਹੈ। ਵਾਹਿਗੁਰੂ ਵੱਲੋਂ ਜੀਵ ਦੀ -ਤਕ ਤਕ ਨਹੀਂ ਗਤਿ ਕਲਿਆਣ ਹੋ ਸਕਦੀ। ਜਦ ਤਕ ਨਹੀਂ ਲਖਤਾ ਸਮਝ ਵਿਚ ਆਉਂਦੀ ਇਹ ਗੱਲ, ਤਕ ਤਕ ਅਲਖ ਲਖਤਾ ਤੋਂ ਪਾਰ = ਪਾਰਬ੍ਰਹਮ ਨੂੰ ਨਹੀਂ ਲੇਖਿਆ ਸਮਝਿਆ ਜਾ ਸਕਦਾ।

ਸਤਿ ਰੂਪ ਸਤਿਨਾਮ ਸਤਿਗੁਰ ਗਿਆਨ ਧਿਆਨ ਏਕ ਹੀ ਅਨੇਕ ਮੇਕ ਏਕ ਏਕ ਭੇਖੀਐ ।੧੨।

ਮੁਕਦੀ ਗੱਲ ਕੀਹ ਕਿ ਸਤਿਗੁਰੂ ਸਤਿਨਾਮ ਦਾ ਉਪਦੇਸ਼ ਕਰ ਕੇ ਸਤਿ ਸਰੂਪ ਅਬਨਾਸ਼ੀ ਅਕਾਲ ਪੁਰਖ ਦਾ ਗਿਆਨ ਜਾਣਕਾਰੀ ਕਰਾਉਣ ਤੇ ਗੁਰਮੁਖ ਉਸ ਵਿਖੇ ਚਿੱਤ ਬਿਰਤੀ ਨੂੰ ਹੋੜ ਹੋੜ ਕੇ ਜੋੜਨ ਵਿਚ ਸਾਵਧਾਨਗੀ ਪਾਲਨ ਦਾ ਅਭਿਆਸ ਰੂਪ ਧਿਆਨ ਧਾਰੇ, ਤਾਂ ਇਕ ਅਕਾਲ ਪੁਰਖ ਹੀ ਅਨੇਕ ਰੂਪ ਸ੍ਰਿਸ਼ਟੀ ਵਿਖੇ = ਮੇਕ = ਮਿਲਿਆ ਰਮਯਾ ਹੋਇਆ ਦ੍ਰਿਸ਼ਟ ਆਕੇ ਅਉਂ ਜਾਪੇਗਾ ਕਿ ਉਸ ਇੱਕ ਨੇ ਇੱਕ ਸਰੂਪ ਰਹਿੰਦਿਆਂ ਹੋਇਆਂ ਹੀ ਇਹ ਸਭ ਭੇਖ ਅਨੇਕ ਅਕਾਰ ਰੂਪ ਸਾਂਗ ਧਾਰੇ ਹੋਏ ਹਨ। ਯਥਾ: ਬਾਜੀਗਰ ਜੈਸੇ ਬਾਜੀ ਪਾਈ ॥ ਨਾਨਾ ਰੂਪ ਭੇਖ ਦਿਖਲਾਈ ॥ ॥੧੨॥


Flag Counter