ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 289


ਪੂਜੀਐ ਨ ਸੀਸੁ ਈਸੁ ਊਚੌ ਦੇਹੀ ਮੈ ਕਹਾਵੈ ਪੂਜੀਐ ਨ ਲੋਚਨ ਦ੍ਰਿਸਟਿ ਦ੍ਰਿਸਟਾਂਤ ਕੈ ।

ਇਸੇ ਕਰ ਕੇ ਹੀ ਸਿਰ ਨਹੀਂ ਪੂਜਿਆ ਜਾਂਦਾ, ਕ੍ਯੋਂਕਿ ਸਰੀਰ ਅੰਦਰ ਇਹ ਉੱਚਾ ਅਖੌਂਦਾ ਹੈ ਤੇ ਇਸੇ ਕਰ ਕੇ ਹੀ ਦ੍ਰਿਸਟਿ ਦ੍ਰਿਸਟਾਂਤ ਕੈ ਨਿਗ੍ਹਾ ਭਰ ਕੇ ਤੱਕਨ ਵਾਲੇ ਹੋਣ ਕਾਰਣ ਲੋਚਨ ਨੇਤ੍ਰ ਭੀ ਨਹੀਂ ਪੂਜੇ ਜਾਂਦੇ।

ਪੂਜੀਐ ਨ ਸ੍ਰਵਨ ਦੁਰਤਿ ਸਨਬੰਧ ਕਰਿ ਪੂਜੀਐ ਨ ਨਾਸਕਾ ਸੁਬਾਸ ਸ੍ਵਾਸ ਕ੍ਰਾਂਤ ਕੈ ।

ਕੰਨ ਭੀ ਜੋ ਸੁਰਤਿ ਸੁਨਣ ਜੋਗ ਵਸਤੂਆਂ ਨਾਲ ਮੇਲ ਕਰਦੇ ਹਨ, ਨਹੀਂ ਪੂਜੇ ਜਾ ਸਕਦੇ ਏਸੇ ਕਰ ਕੇ ਹੀ ਅਤੇ ਨਾਸਾਂ ਨੱਕ ਭੀ ਜੋ ਸ੍ਵਾਸ ਦ੍ਵਾਰੇ ਸੁਗੰਧੀ ਨੂੰ 'ਕ੍ਰਾਂਤ ਕੈ' ਆਕਰਖਿਆ ਖਿਚਿਆ ਕਰਦਾ ਹੈ, ਨਹੀਂ ਪੂਜਿਆ ਜਾਂਦਾ ਇਸੇ ਕਰ ਕੇ, ਭਾਵ ਉੱਚੇ ਤੇ ਅੱਗੇ ਵਧੇ ਹੋਣ ਕਰ ਕੇ।

ਪੂਜੀਐ ਨ ਮੁਖ ਸ੍ਵਾਦ ਸਬਦ ਸੰਜੁਗਤ ਕੈ ਪੂਜੀਐ ਨ ਹਸਤ ਸਕਲ ਅੰਗ ਪਾਂਤ ਕੈ ।

ਮੂੰਹ ਭੀ ਜੋ ਸ੍ਵਾਦ ਅਤੇ ਸ਼ਬਦ ਬਚਨ ਬਿਲਾਸ ਨਾਲ ਸੰਜੁਗਤਿ ਕੈ ਸਬੰਧ ਪੌਂਦਾ ਰਹਿੰਦਾ ਹੈ, ਨਹੀਂ ਪੂਜਿਆ ਜਾਂਦਾ ਅਤੇ ਹੱਥ ਭੀ ਜੋ ਸਾਰਿਆਂ ਅੰਗਾਂ ਸਮੂਹ ਸ਼ਰੀਰ ਉਪਰ ਪਾਂਤ ਲਟਕਦੇ ਫਿਰਦੇ ਹਨ, ਭਾਵ ਸਰੀਰ ਭਰ ਨੂੰ ਮਾਪਨ ਵਾਲੇ ਹਨ, ਨਹੀਂ ਪੂਜੇ ਜਾਂਦੇ ਏਸੇ ਕਰ ਕੇ ਹੀ।

ਦ੍ਰਿਸਟਿ ਸਬਦ ਸੁਰਤਿ ਗੰਧ ਰਸ ਰਹਿਤ ਹੁਇ ਪੂਜੀਐ ਪਦਾਰਬਿੰਦ ਨਵਨ ਮਹਾਂਤ ਕੈ ।੨੮੯।

ਨੇਤ੍ਰ, ਸ਼ਬਦ ਦੇ ਆਧਾਰ ਕੰਨ ਸੁਰਤਿ ਸ੍ਰੋਤ ਸ੍ਰੋਤਾਂ = ਰੋਮ ਕੂਪਾਂ ਦੀ ਆਧਾਰ ਭੁਤ ਤੁਚਾ ਇੰਦ੍ਰੀ, ਨਾਸਾਂ ਤਥਾ ਰਸਨਾ ਰਹਿਤ ਹੁਇ ਉਚੇ ਹੁੰਦੇ ਭੀ ਹੀਣੇ ਰਹਿ ਗਏ ਪੂਜਾ ਦੇ ਅਧਿਕਾਰੀ ਨਾ ਬਣ ਸੱਕੇ, ਪਰੰਤੂ ਨਵਨ ਮਹਾਂਤ ਕੈ ਨਿਊਣਤਾ ਦੇ ਮਹਾਤਮ ਕਰ ਕੇ ਪਦ+ਅਰਬਿੰਦ ਚਰਣ ਕਮਲ ਕਰ ਕੇ ਆਦਰ ਜੋਗ ਸਮਝ ਕੇ ਪੂਜੇ ਜਾਂਦੇ ਹਨ। ਅਥਵਾ ਦੇਖਣ ਬੋਲਣ ਸੁਨਣ ਸੁੰਘਨ ਤਥਾ ਸ੍ਵਾਦ ਤੋਂ ਰਹਿਤ ਹੀਣੇ ਹੁੰਦੇ ਭੀ ਨਿਊਣ ਦੇ ਮਹਾਤਮ ਕਰ ਕੇ ਚਰਣ ਕਮਲ ਕਰ ਕੇ ਪੂਜੇ ਜਾਂਦੇ ਹਨ ॥੨੮੯॥