ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 207


ਬਿਰਹ ਬਿਓਗ ਰੋਗੁ ਦੁਖਤਿ ਹੁਇ ਬਿਰਹਨੀ ਕਹਤ ਸੰਦੇਸ ਪਥਿਕਨ ਪੈ ਉਸਾਸ ਤੇ ।

ਬਿਰਹੇ ਤੋਂ ਉਤਪੰਨ ਹੋਏ ਵਿਛੋੜੇ ਰੂਪ ਰੋਗ ਨਾਲ ਪੀੜਤ ਹੋਈ ਹੋਈ ਆਤੁਰ ਆਈ ਹੋਈ ਬਿਰਹਨੀ ਇਸਤ੍ਰੀ ਜੀਕੂੰ ਲਾਜ ਕੁਲਾਜ ਆਦਿ ਨੂੰ ਵਿਸਾਰ ਕੇ ਉਸਾਸ ਉਭੇ ਸਾਹ ਹੌਕਿਆਂ ਨੂੰ ਲੈਂਦੀ ਹੋਈ ਪਥਿਕਾਂ ਪਾਂਧੀਆਂ ਰਾਹ ਜਾਂਦਿਆਂ ਮੁਸਾਫਰਾਂ ਪੰਧਾਊਆਂ ਨੂੰ ਸਨੇਹੇ ਦਿਆ ਕਰਦੀ ਹੈ।

ਦੇਖਹ ਤ੍ਰਿਗਦ ਜੋਨਿ ਪ੍ਰੇਮ ਕੈ ਪਰੇਵਾ ਪਰ ਕਰ ਨਾਰਿ ਦੇਖਿ ਟਟਤ ਅਕਾਸ ਤੇ ।

ਤੀਕੂੰ ਹੀ ਗੁਰਮੁਖ ਬਿਰਹਨੀ ਐਉਂ ਆਖਿਆ ਕਰਦੀ ਹੈ ਕਿ ਹੇ ਭਾਈਓ! ਟੇਢੀਆਂ ਤਾਮਸੀ ਜੂਨਾਂ ਵੱਲ ਤਾਂ ਤੱਕੋ, ਕਿ ਪਰੇਵਾ ਕਬੂਤਰ ਕੀਕੂੰ ਨਾਰਿ ਕਬੂਤਰੀ ਨੂੰ ਦੇਖਦੇ ਸਾਰ ਅਕਾਸ਼ ਤੋਂ ਭਾਵ ਅਕਾਸ਼ ਵਿਚ ਉਡਾਰੀਆਂ ਮਾਰਦਾ ਹੋਯਾ ਪਰ ਕਰ ਖੰਭ ਮਾਰਦਾ ਮਾਰਦਾ ਇਕੋ ਵਾਰ ਹੀ ਉਸ ਉਪਰ ਆਨ ਟੁੱਟਦਾ ਅਰਥਾਤ ਆਨ ਮਿਲਦਾ ਹੈ।

ਤੁਮ ਤੋ ਚਤੁਰਦਸ ਬਿਦਿਆ ਕੇ ਨਿਧਾਨ ਪ੍ਰਿਅ ਤ੍ਰਿਅ ਨ ਛਡਾਵਹੁ ਬਿਰਹ ਰਿਪ ਰਿਪ ਤ੍ਰਾਸ ਤੇ ।

ਗੱਲ ਤੋੜਕੇ ਤੁਸੀਂ ਤਾਂ ਹੇ ਪ੍ਰੀਤਮ ਸਤਿਗੁਰੋ! ਚੌਦਾਂ ਵਿਦ੍ਯਾ ਦੇ ਭੰਡਾਰ ਭਾਵ, ਸ਼ੁੱਧ ਸਤ੍ਵਿਕ ਸਰੂਪ ਹੋ। ਆਪਣੇ ਆਸਰੇ ਪਰਣੇ ਜੀਊਣ ਵਾਲੀ ਇਕ ਮਾਤ੍ਰ ਆਪ ਦੀ ਹੀ ਕਾਮਨਾ ਪ੍ਰਾਇਣ ਰਹਿਣ ਹਾਰੀ ਜਿਗ੍ਯਾਸੂ ਰੂਪੀ ਇਸਤ੍ਰੀ ਨੂੰ ਵਿਛੋੜੇ ਰੂਪ ਸ਼ਤ੍ਰੂ ਦੇ ਭੈ ਤੋਂ ਕ੍ਯੋਂ ਨਹੀਂ ਛੁਡੌਂਦੇ?

ਚਰਨ ਬਿਮੁਖ ਦੁਖ ਤਾਰਿਕਾ ਚਮਤਕਾਰ ਹੇਰਤ ਹਿਰਾਹਿ ਰਵਿ ਦਰਸ ਪ੍ਰਗਾਸ ਤੇ ।੨੦੭।

ਹੇ ਮਹਾਰਾਜ! ਆਪਦਿਆਂ ਚਰਣਾਂ ਤੋਂ ਬਿਮੁਖ ਰਹਿਣ ਕਾਰਣ ਰਾਤਰੀ ਦੇ ਹਨੇਰੇ ਵਿਚ ਤਾਰਿਆਂ ਦੇ ਚਮਤਕਾਰ ਸਮਾਨ ਬੇਅੰਤ ਦੁੱਖ ਮੇਰੇ ਅੰਦਰ ਪ੍ਰਗਟ ਹੋ ਹੋ ਪੈ ਰਹੇ ਹਨ, ਜੋ ਕੇਵਲ ਆਪ ਦੇ ਦਰਸ਼ਨ ਰੂਪ ਸੂਰਜ ਦੇ ਪ੍ਰਗਾਸ ਮਾਤ੍ਰ ਨੂੰ ਹੇਰਤ ਨਿਹਾਰਦੇ ਤਕਦੇ ਸਾਰ ਹੀ ਹਿਰਹਿ ਲੋਪ ਹੋ ਜਾਣਗੇ ਨਿਵਿਰਤ ਹੋ ਜਾਣਗੇ ਤਾਂ ਤੇ ਸ਼ੀਘਰ ਦਰਸ਼ਨ ਦਿਓ ॥੨੦੭॥


Flag Counter