ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 381


ਜਲ ਕੈ ਧਰਨ ਅਰੁ ਧਰਨ ਕੈ ਜੈਸੇ ਜਲੁ ਪ੍ਰੀਤਿ ਕੈ ਪਰਸਪਰ ਸੰਗਮੁ ਸਮਾਰਿ ਹੈ ।

ਜਿਸ ਤਰ੍ਹਾਂ ਜਲ ਕਰਦਾ ਹੈ ਧਰਤੀ ਨਾਲ ਅਤੇ ਧਰਤੀ ਕਰਦੀ ਹੈ ਜਲ ਨਾਲ ਪ੍ਰੀਤੀ ਅਰੁ ਇਸ ਪ੍ਰਕਾਰ ਪ੍ਰੀਤੀ ਨੂੰ ਕਰਦੇ ਕਰਦੇ ਆਪੋ ਵਿਚ ਦੇ ਸੰਗਮ ਸਾਥ ਨੂੰ ਸ਼ੁਮਾਰ ਗਿਣਤੀ ਵਿਚ ਮੰਨਦੇ ਕਦਰ ਵਾਲਾ ਜਾਣਦੇ ਹਨ ਅਥਵਾ ਆਪੋ ਵਿਚ ਦੀ ਪ੍ਰੀਤੀ ਦੇ ਸੰਗਮ ਨੂੰ ਸਮਾਰਿ ਸੰਭਾਲਦੇ ਨਿਬੌਂਹਦੇ ਹਨ।

ਜੈਸੇ ਜਲ ਸੀਚ ਕੈ ਤਮਾਲਿ ਪ੍ਰਤਿਪਾਲੀਅਤ ਬੋਰਤ ਨ ਕਾਸਟਹਿ ਜ੍ਵਾਲਾ ਮੈ ਨ ਜਾਰਿ ਹੈ ।

ਜਿਸ ਤਰ੍ਹਾਂ ਜਲ ਸਿੰਜ ਸਿੰਜ ਉਛਲ ਉਛਲ ਕੇ ਤਮਾਲ ਬਿਰਛ ਤਾੜਾਂ ਨੂੰ ਭਲੀ ਪ੍ਰਕਾਰ ਪਾਲੀਦਾ ਹੈ ਜਿਸ ਦੀ ਲਾਜ ਨੂੰ ਹੀ ਰਖਦਾ ਹੋਯਾ ਜਲ ਕਾਠ ਨੂੰ ਡੋਬ੍ਯਾ ਨਹੀਂ ਕਰਦਾ ਤੇ ਨਾ ਹੀ ਅੱਗ ਵਿਚ ਪਿਆਂ ਹੀ ਸੜਨ ਦਿੰਦਾ ਹੈ।

ਲੋਸਟ ਕੈ ਜੜਿ ਗੜਿ ਬੋਹਥਿ ਬਨਾਈਅਤ ਲੋਸਟਹਿ ਸਾਗਰ ਅਪਾਰ ਪਾਰ ਪਾਰ ਹੈ ।

ਇਥੋਂ ਤਕ ਲਿਹਾਜ ਕਾਠ ਦਾ ਪਾਲਦਾ ਹੈ ਕਿ ਲੋਹੇ ਦੀਆਂ ਪਤਰੀਆਂ ਮੇਖਾਂ ਨੂੰ ਜੜ ਜੜ ਗੱਡ ਗੱਡ ਕੇ ਗੜਿ ਬੋਹਿਥ ਬਨਾਈਅਤ ਜਹਾਜ ਨੂੰ ਘੜ ਬਣਾਈਦਾ ਹੈ ਅਥਵਾ ਇਕ ਗੜ੍ਹ = ਕਿਲੇ ਸਮਾਨ ਜਹਾਜ ਬਣਾ ਲਈਦਾ ਹੈ ਸੋ ਇਉਂ ਕਰ ਕੇ ਕਾਠ ਨਾਲ ਲਗੇ ਲੋਹੇ ਨੂੰ ਅਪਾਰ ਸਮੁੰਦਰ ਤੋਂ ਭੀ ਪਰ ਪਾਰਿ ਹੈ ਪਾਰ ਪਾ ਦਿੱਤਾ ਲੰਘਾ ਦਿੱਤਾ ਕਰਦਾ ਹੈ ਅਰਥਾਤ, ਐਡਾ ਲਿਹਾਜ਼ ਅਪਣੀ ਪ੍ਰਤਿਪਾਲੀ ਵਸਤੂ ਦਾ ਪਾਲਦਾ ਹੈ।

ਪ੍ਰਭ ਕੈ ਜਾਨੀਜੈ ਜਨੁ ਜਨ ਕੈ ਜਾਨੀਜੈ ਪ੍ਰਭ ਤਾ ਤੇ ਜਨ ਕੋ ਨ ਗੁਨ ਅਉਗੁਨ ਬੀਚਾਰਿ ਹੈ ।੩੮੧।

ਤਿਸੀ ਪ੍ਰਕਾਰ ਹੀ ਪ੍ਰਭੂ ਪਰਮਾਤਮਾ ਦੇ ਜਾਣੀਦੇ ਹਨ ਜਨ ਭਗਤ ਲੋਕ ਭਜਨ ਕਰਣਹਾਰੇ ਓਸ ਦੇ ਪ੍ਯਾਰੇ ਤੇ ਜਨ ਭਜਨੀਕ ਪੁਰਖਾਂ ਦਾ ਜਾਣੀਦਾ ਹੈ ਪਰਮਾਤਮਾ ਪ੍ਰਭੂ ਤਿਸ ਕਰ ਕੇ ਹੀ ਓਹ ਪ੍ਰਭੂ ਸਰਬ ਸ਼ਕਤੀ ਮਾਨ ਨੇ ਚੰਗੀ ਕੀਤੀ ਹੈ ਤੇ ਅਮੁਕੀ ਮੰਦੀ ਐਸੀ ਵੀਚਾਰ ਉਹ ਨਹੀਂ ਕਰਿਆ ਕਰਦਾ। ਜੋ ਕੁਛ ਪ੍ਯਾਰੇ ਕਰਦੇ ਹਨ, ਸਭ ਕੁਛ ਉਹ ਭਲਾ ਹੀ ਪ੍ਰਵਾਣਦਾ ਹੈ ॥੩੮੧॥


Flag Counter