ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 443


ਪੁਰਖ ਨਿਪੁੰਸਕ ਨ ਜਾਨੇ ਬਨਿਤਾ ਬਿਲਾਸ ਬਾਂਝ ਕਹਾ ਜਾਨੇ ਸੁਖ ਸੰਤਤ ਸਨੇਹ ਕਉ ।

ਹੀਜੜਾ ਆਦਮੀ ਬਨਿਤਾ ਬਿਲਾਸ ਇਸਤ੍ਰੀ ਸੰਭੋਗ ਰੂਪ ਗ੍ਰਹਸਥ ਸੁਖ ਨੂੰ ਨਹੀਂ ਜਾਣਦਾ; ਅਤੇ ਸੰਢ ਬੰਧ੍ਯਾ ਇਸਤ੍ਰੀ ਸੰਤਤਿ ਸੰਤਾਨ ਦੇ ਪ੍ਯਾਰ ਦੇ ਸੁਖ ਨੂੰ ਕੀਹ ਜਾਣੇ।

ਗਨਿਕਾ ਸੰਤਾਨ ਕੋ ਬਖਾਨ ਕਹਾ ਗੋਤਚਾਰ ਨਾਹ ਉਪਚਾਰ ਕਛੁ ਕੁਸਟੀ ਕੀ ਦੇਹ ਕਉ ।

ਵੇਸਵਾ ਦੀ ਸੰਤਾਨ ਦਾ ਕੀਹ ਗੋਤ੍ਰਾਚਾਰ ਬੰਸ ਪ੍ਰਣਾਲੀ ਕੋਈ ਵਰਨਣ ਕਰੇ; ਅਤੇ ਕੋੜ੍ਹੀ ਦੇ ਸਰੀਰ ਦਾ ਕੋਈ ਉਪ੍ਰਾਲਾ ਇਲਾਜ ਕੁਛ ਹੋ ਹੀ ਨਹੀਂ ਸਕਦਾ।

ਆਂਧਰੋ ਨ ਜਾਨੈ ਰੂਪ ਰੰਗ ਨ ਦਸਨ ਛਬਿ ਜਾਨਤ ਨ ਬਹਰੋ ਪ੍ਰਸੰਨ ਅਸਪ੍ਰੇਹ ਕਉ ।

ਅੰਨ੍ਹਾ ਆਦਮੀ ਰੂਪ ਰੰਗ ਸੂਰਤ ਸ਼ਕਲ ਤਥਾ ਦਸਨ ਦੰਦਾਂ ਦੀ ਛਬਿ ਉਜਲਤਾ ਭਾਵ; ਸੁੰਦ੍ਰਤਾ ਨਹੀਂ ਜਾਣ ਸਕਦਾ ਅਤੇ ਬੋਲਾ ਪੁਰਖ ਨਹੀਂ ਜਾਣਦਾ ਹੈ ਪ੍ਰਸੰਨਤਾ ਵਾ ਅਪ੍ਰਸੰਨਤਾ ਨੂੰ ਕ੍ਯੋਂਕਿ ਬੋਲੀ ਹੀ ਪ੍ਰਸੰਨਤਾ ਅਪ੍ਰਸੰਨਤਾ ਦਾ ਕਰਣ ਹੈ; ਜਿਸ ਨੂੰ ਉਹ ਸੁਣ ਹੀ ਨਹੀਂ ਸਕਦਾ।

ਆਨ ਦੇਵ ਸੇਵਕ ਨ ਜਾਨੇ ਗੁਰਦੇਵ ਸੇਵ ਜੈਸੇ ਤਉ ਜਵਾਸੋ ਨਹੀ ਚਾਹਤ ਹੈ ਮੇਹ ਕਉ ।੪੪੩।

ਤਿਸੀ ਪ੍ਰਕਾਰ ਹੀ ਹੋਰ ਦੇਵਤਿਆਂ ਦੇ ਸੇਵਕ ਅਰਾਧਨ ਮੰਨਣਹਾਰੇ ਨਹੀਂ ਜਾਣਦੇ ਹਨ ਸਤਿਗੁਰੂ ਦੇਵ ਦੀ ਸੇਵਾ ਨੂੰ ਕਿ ਇਹ ਕੀਹ ਵਸਤੂ ਹੁੰਦੀ ਹੈ ਜਿਸ ਤਰ੍ਹਾਂ ਜ੍ਵਾਹਾਂ ਬੂਟੀ ਮੀਂਹ ਨੂੰ ਨਹੀਂ ਚਾਹਿਆ ਕਰਦੀ ਤੀਕੂੰ ਹੀ ਇਨਾਂ ਨੂੰ ਸਤਿਗੁਰਾਂ ਦੀ ਸੇਵਾ ਨਹੀਂ ਭਾਇਆ ਕਰਦੀ ॥੪੪੩॥