ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 196


ਪਵਨਹਿ ਪਵਨ ਮਿਲਤ ਨਹੀ ਪੇਖੀਅਤ ਸਲਿਲੇ ਸਲਿਲ ਮਿਲਤ ਨਾ ਪਹਿਚਾਨੀਐ ।

ਪੂਰਬ ਅਥਵਾ ਪੱਛਮ ਵਿਖੇ ਬਹਿ ਰਹੀ ਧਾਰਾ ਪੌਣ ਦੀ ਆਪੇ ਵਿਚ ਮਿਲਦੀ ਹੋਈ ਨਹੀਂ ਤੱਕੀ ਜਾ ਸਕਦੀ, ਯਾ ਅੰਦਰ ਬਾਹਰ ਦੀ ਪੌਣ ਦਾ ਮੇਲ ਹੁੰਦਾ ਹੋਯਾ ਨਹੀਂ ਤਕ੍ਯਾ ਜਾ ਸਕਦਾ, ਅਰੁ ਨਦਾਂ ਤੇ ਸਮੁੰਦਰ ਦਾ ਅਡੋ ਅੱਡ ਕਹੌਂਦਾ ਹੋਯਾ ਪਾਣੀ ਇੱਕ ਦੂਏ ਪਾਣੀ ਵਿਚ ਮਿਲਦਾ ਹੋਯਾ ਨਹੀਂ ਪਛਾਣਿਆ ਜਾ ਸਕਦਾ।

ਜੋਤੀ ਮਿਲੇ ਜੋਤਿ ਹੋਤ ਭਿੰਨ ਭਿੰਨ ਕੈਸੇ ਕਰਿ ਭਸਮਹਿ ਭਸਮ ਸਮਾਨੀ ਕੈਸੇ ਜਾਨੀਐ ।

ਜੋਤਿ ਅਗਨੀ ਵਿਖੇ ਜੋਤਿ ਅਗਨੀ ਆਪੋ ਵਿਚ ਮਿਲੀ ਕਿਸ ਤਰ੍ਹਾਂ ਨ੍ਯਾਰੀ ਨ੍ਯਾਰੀ ਹੋ ਸਕੇ ਅਤੇ ਭਸਮਹਿ ਰਾਖ ਮਿਰਤਕਾ ਵਿਚ ਮਿਰਤਕਾ ਸਮਾਨੀ ਮਿਲੀ ਕਿਸ ਪ੍ਰਕਾਰ ਜਾਣੀ ਜਾ ਸਕ੍ਯਾ ਕਰਦੀ ਹੈ ਕਿਸੇ ਭਾਂਤ ਨਹੀਂ ਜਾਣ ਸਕੀਦੀ।

ਕੈਸੇ ਪੰਚਤਤ ਮੇਲੁ ਖੇਲੁ ਹੋਤ ਪਿੰਡ ਪ੍ਰਾਨ ਬਿਛੁਰਤ ਪਿੰਡ ਪ੍ਰਾਨ ਕੈਸੇ ਉਨਮਾਨੀਐ ।

ਇਞੇਂ ਹੀ ਇਨ੍ਹਾਂ ਤੱਤਾਂ ਦੀ ਬਾਹਰਲੀ ਦਸ਼ਾ ਵਾਕੂੰ, ਪੰਜਾਂ ਤੱਤਾਂ ਆਕਾਸ਼ ਵਾਯੂ ਅਗਨੀ ਜਲ ਪ੍ਰਿਥਵੀ ਦਾ ਮੇਲ ਹੋ ਕੇ ਕਿਸ ਪ੍ਰਕਾਰ ਇਹ ਸਰੀਰਾਂ ਤੇ ਪ੍ਰਾਣਾਂ ਦੀ ਮਿਲੌਨੀ ਦਾ ਖੇਲ ਹੋ ਰਿਹਾ ਹੈ, ਅਰੁ ਕਿਸ ਪ੍ਰਕਾਰ ਇਹ ਸਰੀਰ ਤੇ ਪ੍ਰਾਣ ਆਪੋ ਵਿਚ ਵਿਛੁੜਦੇ ਹਨ ਭਾਵ ਜੀਵਨ ਅਰੁ ਮਿਰਤੁ ਕਿਸ ਭਾਂਤ ਸੰਸਾਰ ਵਿਚ ਵਰਤਦੀ ਹੈ, ਇਸ ਦਾ ਅਨੁਮਾਨ ਕੀਕੂੰ ਲਾਯਾ ਜਾ ਸਕੇ ਕਿੰਤੂ ਨਹੀਂ ਲਾਯਾ ਜਾ ਸਕਦਾ।

ਅਬਿਗਤ ਗਤਿ ਅਤਿ ਬਿਸਮ ਅਸਚਰਜ ਮੈ ਗਿਆਨ ਧਿਆਨ ਅਗਮਿਤਿ ਕੈਸੇ ਉਰ ਆਨੀਐ ।੧੯੬।

ਜਦ ਇਹ ਬਾਹਰਲੇ ਪਸਾਰੇ ਦਾ ਮਰਮ ਹੀ ਨਹੀਂ ਜਾਣ੍ਯਾ ਜਾ ਸਕਦਾ ਤਾਂ ਅਬਿਗਤਿ ਗਿਆਨ ਸਰੂਪ ਦੀ ਗਤੀ ਅਤੀ ਬਿਸਮਾਦ ਰੂਪ ਅਤੇ ਅਚਰਜ ਮਈ ਹੈ, ਓਸ ਦੇ ਗਿਆਨ ਨੂੰ ਧਿਆਨ ਵਿਚ ਲਿਔਣਾ ਅਗਮ ਇਤਿ ਅਗੰਮਤਾ ਦੀ ਅਵਧੀ ਰੂਪ ਹੈ ਦ੍ਰਿਸ਼ਟਾਂਤ ਉਦਾਹਰਣ ਦੇ ਕੇ ਓਸ ਅਗੰਮ ਦੇ ਕਹਿਣ ਦਾ ਵੀਚਾਰ ਕਿਸ ਪ੍ਰਕਾਰ ਹਿਰਦੇ ਵਿਚ ਲਿਆਂਦਾ ਜਾ ਸਕੇ? ਭਾਵ ਇਹ ਸਭ ਪ੍ਰਕਾਰ ਕਰ ਕੇ ਹੀ ਅਗੰਮ ਤੋਂ ਭੀ ਅਗੰਮ ਹੈ ॥੧੯੬॥


Flag Counter