ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 38


ਪੂਰਨ ਬ੍ਰਹਮ ਗੁਰ ਬਿਰਖ ਬਿਥਾਰ ਧਾਰ ਮੁਨ ਕੰਦ ਸਾਖਾ ਪਤ੍ਰ ਅਨਿਕ ਪ੍ਰਕਾਰ ਹੈ ।

ਪੂਰਨ ਬ੍ਰਹਮ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰਬ ਉਕਤ ਰੀਤੀ ਦ੍ਵਾਰੇ ਬਿਰਛ ਦੇ ਸਮਾਨ ਵਿਸਤਾਰ ਨੂੰ ਧਾਰਨ ਕਰ ਕੇ ਕਿਤੇ ਤਾਂ ਮੂਲ ਰੂਪ ਹੋ ਮੂਲ ਫਲ ਉਹ ਹੁੰਦੇ ਹਨ ਜਿਨਾਂ ਦੇ ਪੱਤ੍ਰ ਜੜ੍ਹ ਉਪਰ ਹੀ ਰਹਿੰਦੇ ਹਨ ਤੇ ਛਕਨ ਵਾਲਾ ਫਲ ਰੂਪ ਪਦਾਰਥ ਥੱਲੇ ਹੰਦਾ ਹੈ ਭਾਵ ਇਉਂ ਮੁਢੋਂ ਹੀ ਆਪ ਰੂਪ ਹੋ ਸਿੱਖਾਂ ਨੂੰ ਨਿਹਾਲ ਕੀਤਾ, ਅਤੇ ਕਿਤੇ ਕੰਦ ਰੂਪ ਹੋ ਸ਼ਿਵ ਨਾਭ ਰਾਜੇ ਵਰਗਿਆਂ ਨੂੰ ਅੰਦਰੇ ਅੰਦਰ ਹੀ ਚਾਹ ਤਾਰਿਆ ਕੰਦ ਫਲ ਧਰਤੀ ਦੇ ਵਿਚੋਂ ਹੀ ਉਗਮ ਪੈਣ ਵਾਲੇ ਹੁੰਦੇ ਹਨ। ਅਰੁ ਕਿਧਰੇ ਸ਼ਾਸਤ੍ਰ ਆਦਿ ਦੇ ਅਨੇਕ ਢੰਗਾਂ ਦ੍ਵਾਰੇ ਸ੍ਰਿਸ਼ਟੀ ਨੂੰ ਤਾਰਿਆ। ਜਿਸ ਦੇ ਵਿਚੇ ਬਰਕਤਾਂ, ਬਖਸ਼ਸ਼ਾਂ ਬਖਸ਼ਕੇ ਵਾ ਆਪਣੇ ਉਪਰ ਅਨੇਕ ਪ੍ਰਕਾਰ ਦੇ ਕਸ਼ਟ ਸਹਿ ਸਹਿ ਕੇ ਕੀਤੇ ਉਪਕਾਰਾਂ ਦਾ ਵੀਚਾਰ ਹੈ।

ਤਾ ਮੈ ਨਿਜ ਰੂਪ ਗੁਰਸਿਖ ਫਲ ਕੋ ਪ੍ਰਗਾਸ ਬਾਸਨਾ ਸੁਬਾਸ ਅਉ ਸ੍ਵਾਦ ਉਪਕਾਰ ਹੈ ।

ਤਿਨਾਂ ਐਸਿਆਂ ਵਿਚੋਂ ਹੀ ਕਿਤੇ ਨਿਜ ਰੂਪ ਗੁਰ ਸਿੱਖ ਫਲ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਆਦਿ ਲੈ ਸਮੂੰਹ ਗੁਰੂ ਸਰੂਪ ਆਪ ਹੀ ਹੋ ਕੇ ਪ੍ਰਗਾਸ ਕਰ ਕੇ, ਭਾਵ ਦੂਸਰੇ ਸਰੂਪਾਂ ਵਿਖੇ ਜੋਤ ਜਗਾ ਕੇ ਨਿਸਤਾਰਿਆ ਅਰਥਾਤ ਸੁਗੰਧੀ ਰੂਪ ਬਾਸਨਾ ਰਸਤੇ ਲੋਕਾਂ ਦੇ ਅੰਦਰ ਨੂੰ ਖੇੜਿਆ ਅਤੇ ਸ੍ਵਾਦ ਅਨੁਭਵ ਰਸ ਨਾਮ ਰਸ ਦੀ ਪ੍ਰਾਪਤੀ ਦ੍ਵਾਰੇ ਸਭ ਕਿਸੇ ਉਪਰ ਇਉਂ ਉਪਕਾਰ ਹੀ ਉਪਕਾਰ ਉਨ੍ਹਾਂ ਨੇ ਪਾਲਿਆ ਹੈ।

ਚਰਨ ਕਮਲ ਮਕਰੰਦ ਰਸ ਰਸਿਕ ਹੁਇ ਚਾਖੇ ਚਰਨਾਮ੍ਰਿਤ ਸੰਸਾਰ ਕੋ ਉਧਾਰ ਹੈ ।

ਸਿਧਾਂਤ ਕੀਹ ਕਿ ਉਨ੍ਹਾਂ ਦੇ ਚਰਣ ਕਮਲਾਂ ਦੀ ਧੂਲੀ ਦੇ ਰਸ ਦਾ ਰਸਿਕ ਰਸੀਆ = ਪ੍ਰੇਮੀ ਬਣ ਕੇ ਜਿਸ ਕਿਸੇ ਨੇ ਭੀ ਸਤਿਗੁਰੂ ਦੇ ਚਰਣਾ ਦਾ ਅੰਮ੍ਰਿਤ ਚੱਖਿਆ ਹੈ ਉਸ ਦਾ ਓਨੜਾਂ ਨੇ ਸੰਸਾਰ ਤੋਂ ਜਨਮ ਮਰਣ ਵਿਚ ਰੁੜ੍ਹਦੇ ਰਹਿਣ ਤੋਂ ਉਧਾਰ ਨਿਸਤਾਰਾ ਕਰ ਦਿੱਤਾ ਹੈ।

ਗੁਰਮੁਖਿ ਮਾਰਗ ਮਹਾਤਮ ਅਕਥ ਕਥਾ ਨੇਤਿ ਨੇਤਿ ਨੇਤਿ ਨਮੋ ਨਮੋ ਨਮਸਕਾਰ ਹੈ ।੩੮।

ਇਸ ਭਾਂਤ ਗੁਰਮੁਖ ਮਾਰਗ ਸਿੱਖੀ ਪੰਥ ਦੇ ਮਹਾਤਮ ਪ੍ਰਭਾਵ ਦੀ ਕਥਾ ਅਕਥ ਰੂਪ ਕਹਿਣ ਤੋਂ ਪਾਰ ਹੈ ਜਿਸ ਕਰ ਕੇ ਤਿੰਨ ਵਾਰ ਨੇਤ ਨੇਤ ਦੀ ਪ੍ਰਤਗ੍ਯਾ ਕਰਦਾ ਹੋਯਾ ਬਾਰੰਬਾਰ ਨਮਸਕਾਰ ਹੀ ਨਮਸਕਾਰ ਕਰਦਾ ਹਾਂ ॥੩੮॥


Flag Counter