ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 285


ਗੁਰਮੁਖਿ ਸੰਗਤਿ ਮਿਲਾਪ ਕੋ ਪ੍ਰਤਾਪ ਅਤਿ ਪੂਰਨ ਪ੍ਰਗਾਸ ਪ੍ਰੇਮ ਨੇਮ ਕੈ ਪਰਸਪਰ ਹੈ ।

ਗੁਰਮੁਖਾਂ ਦੀ ਸੰਗਤਿ ਦੇ ਮਿਲਾਪ ਦਾ ਮਹਾਤਮ ਪੂਰਬ ਉਕਤ ਰੀਤੀ ਦ੍ਵਾਰੇ ਅਤ੍ਯੰਤ ਮਹਾਨਤਾ ਵਾਲਾ ਹੈ ਕ੍ਯੋਂਕਿ ਆਪੋ ਵਿਚ ਪ੍ਰੇਮ ਦਾ ਨੇਮ ਪਾਲਨ ਕਰਦੇ ਕਰਦੇ ਹੀ ਹੀ ਏਨਾਂ ਦੇ ਹਿਰਦਿਆਂ ਅੰਦਰ ਪੂਰਨ ਪਰਮਾਤਮਾ ਦਾ ਪ੍ਰਗਾਸ = ਸਾਖ੍ਯਾਤਕਾਰ ਹੋ ਆਇਆ ਕਰਦਾ ਹੈ।

ਚਰਨ ਕਮਲ ਰਜ ਬਾਸਨਾ ਸੁਬਾਸ ਰਾਸਿ ਸੀਤਲਤਾ ਕੋਮਲ ਪੂਜਾ ਕੋਟਾਨਿ ਸਮਸਰਿ ਹੈ ।

ਤਾਂ ਤੇ ਗੁਰਸਿੱਖਾਂ ਦੇ ਚਰਣ ਕਮਲਾਂ ਦੀ ਰਜ ਧੂਲੀ ਐਸੀ ਪਵਿਤ੍ਰ ਤੇ ਪ੍ਰਭਾਵ ਵਾਲੀ ਹੈ ਕਿ ਅੰਗਾਂ ਨੂੰ ਛੁਹਾਨ ਦੀ ਤਾਂ ਕੀਹ ਆਖੀਏ ਬਾਸਨਾ ਲੈਣ ਸੁੰਘਨ ਮਾਤ੍ਰ ਤੇ ਹੀ ਦਿਮਾਗ ਅੰਦਰ ਸੁੰਦਰ ਬਾਸਨਾ ਦਾ ਰਸ ਪ੍ਰੇਮ ਦਾ ਖੇੜਾ ਖੇੜ ਦਿੰਦੀ ਵਾ ਸੁਕੀਰਤੀ ਦਾ ਪਾਤ੍ਰ ਬਣਾ ਦਿੰਦੀ ਹੈ, ਤਥਾ ਸੁਭਾਵ ਵਿਚ ਠੰਢਕਤਾ ਸ਼ਾਂਤੀ ਅਰੁ ਰਿਦੇ ਵਿਖੇ ਤਥਾ ਰਸਨਾ ਉਤੇ ਕੋਮਲਤਾ ਨੂੰ ਵਸਾ ਦਿੰਦੀ ਹੈ। ਇਸ ਕਰ ਕੇ ਏਸ ਧੂੜੀ ਦੀ ਸਮਸਰੀ ਬਰਾਬਰੀ ਕ੍ਰੋੜਾ ਪੂਜਾ ਭੀ ਨਹੀਂ ਕਰ ਸਕਦੀਆਂ।

ਰੂਪ ਕੈ ਅਨੂਪ ਰੂਪ ਅਤਿ ਅਸਚਰਜਮੈ ਨਾਨਾ ਬਿਸਮਾਦ ਰਾਗ ਰਾਗਨੀ ਨ ਪਟੰਤਰ ਹੈ ।

ਇਹ ਧੂਲੀ ਰੂਪ ਸ਼ਕਲ = ਸੂਰਤ ਨੂੰ ਬਣਾ ਦਿੰਦੀ ਹੈ ਅਨੂਪਮ ਰੂਪ ਵਾਲੀ ਪਰਮ ਸੁੰਦਰ ਤੇ ਹੋ ਜਾਂਦਾ ਹੈ ਇਸ ਦੇ ਗ੍ਰਹਿਣ ਕਰਣ ਹਾਰਾ ਅਤ੍ਯੰਤ ਅਚਰਜ ਸਰੂਪੀ ਦਿਬ੍ਯ ਪ੍ਰਤਾਪ ਵਾਲਾ, ਅਰਰੁ ਉਸ ਦੇ ਅੰਦਰ ਪ੍ਰਗਟ ਹੋ ਔਂਦੀ ਹੈ ਬਿਸਮਾਦ ਸੰਸਾਰ ਵੱਲੋਂ ਪ੍ਰੇਸ਼ਾਨ ਕਰ ਸਿੱਟਨ ਵਾਲੀ ਰੱਬੀ ਨਾਦ ਅਨਹਤ ਧੁਨੀ ਜਿਸ ਦੇ ਪਟੰਤਰ ਬ੍ਰਾਬਰ ਨਹੀਂ ਹਨ, ਸਾਖ੍ਯਾਤ ਸ੍ਵਯੰ ਰਾਗ ਰਾਗਨੀਆਂ ਭੀ ਕੁਛ ਚੀਜ। ਭਾਵ ਗਾਯਨ ਹੋ ਰਹੇ ਰਾਗ ਰਾਗਨੀਆਂ ਦੀਆਂ ਸ੍ਰੋਦਾਂ ਤਾਂ ਇਸ ਅਗੰਮੀ ਨਾਦ ਅਗੇ ਕੀਹ ਸਮਤਾ ਧਾਰ ਸਕਨ, ਸ੍ਵਯੰ ਰਾਗ ਰਾਗਨੀਆਂ ਭੀ ਇਸ ਧੁਨੀ ਅਗੇ ਤੁੱਛ ਹਨ।

ਨਿਝਰ ਅਪਾਰ ਧਾਰ ਅੰਮ੍ਰਿਤ ਨਿਧਾਨ ਪਾਨ ਪਰਮਦਭੁਤ ਗਤਿ ਆਨ ਨਹੀ ਸਮਸਰਿ ਹੈ ।੨੮੫।

ਫਿਰ ਇਸ ਧੁਨੀ ਦੇ ਪ੍ਰਭਾਵ ਕਰ ਕੇ ਨਿਰੰਤਰ ਲਗਾਤਾਰ ਝਰ ਰਹੀ ਬਰਸ ਰਹੀ ਸਮੂਹ ਨਿਧੀਆਂ ਦੇ ਅਸਥਾਨ ਰੂਪ ਅੰਮ੍ਰਿਤ ਦੀ ਅਪਾਰ ਧਾਰਾ ਪ੍ਰਾਪਤ ਹੋ ਜਾਂਦੀ ਹੈ ਗੁਰ ਸਿੱਖ ਸੰਗਤਿ ਦੇ ਮਿਲਾਪੀ ਨੂੰ, ਜਿਸ ਦੇ ਪ੍ਰਭਾਵ ਕਰ ਕੇ ਓਸ ਦੀ ਐਸੀ ਪਰਮ ਅਦਭੁਤ ਅਤ੍ਯੰਤ ਅਨੋਖੀ ਭਾਂਤ ਦੀ ਉੱਚੀ ਦਸ਼ਾ ਹੋ ਜਾਂਦੀ ਹੈ ਕਿ ਹੋਰ ਓਸ ਦੀ ਬ੍ਰਾਬਰੀ ਕੋਈ ਨਹੀਂ ਕਰ ਸਕਦਾ ਭਾਵ ਓਸ ਦੇ ਅਨੁਭਉ ਨੂੰ ਪੁਜਨ ਦਾ ਦਮ ਹੋਰ ਲੋਕ ਨਹੀਂ ਮਾਰ ਸਕਦੇ ॥੨੮੫॥