ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 551


ਦਰਸਨ ਦੀਪ ਦੇਖਿ ਹੋਇ ਨ ਮਿਲੈ ਪਤੰਗੁ ਪਰਚਾ ਬਿਹੂੰਨ ਗੁਰਸਿਖ ਨ ਕਹਾਵਈ ।

ਸਤਿਗੁਰਾਂ ਦਾ ਦਰਸ਼ਨ ਦੇਖ ਕੇ ਦੀਵੇ ਨੂੰ ਪਤੰਗੇ ਵਤ ਜੇ ਨਹੀਂ ਹੋ ਮਿਲਦਾ ਤਾਂ ਏਸ ਪਰਚੇ ਪਰਤੀਤ ਕਰਾਏ ਬਾਝੋਂ ਕਿਸ ਤਰ੍ਹਾਂ ਕੋਈ ਗੁਰ ਸਿੱਖ ਕਹਾ ਸਕਦਾ ਹੈ।

ਸੁਨਤ ਸਬਦ ਧੁਨਿ ਹੋਇ ਨ ਮਿਲਤ ਮ੍ਰਿਗ ਸਬਦ ਸੁਰਤਿ ਹੀਨੁ ਜਨਮੁ ਲਜਾਵਈ ।

ਸੁਣਦੇ ਸਾਰ ਸਤਿਗੁਰਾਂ ਦੇ ਸ਼ਬਦ ਦੀ ਧੁਨੀ ਨੂੰ ਪਤੰਗੇ ਵਤ ਜੇ ਨਹੀਂ ਹੋ ਮਿਲਦਾ ਤਾਂ ਏਸ ਪਰਚੇ ਪਰਤੀਤ ਕਰਾਏ ਬਾਝੋਂ ਕਿਸ ਤਰ੍ਹਾਂ ਕੋਈ ਗੁਰ ਸਿੱਖ ਕਹਾ ਸਕਦਾ ਹੈ।

ਗੁਰ ਚਰਨਾਮ੍ਰਿਤ ਕੈ ਚਾਤ੍ਰਿਕੁ ਨ ਹੋਇ ਮਿਲੈ ਰਿਦੈ ਨ ਬਿਸਵਾਸੁ ਗੁਰ ਦਾਸ ਹੁਇ ਨ ਹੰਸਾਵਈ ।

ਪਪੀਹੇ ਦੇ ਸ੍ਵਾਂਤੀ ਬੂੰਦ ਨੂੰ ਪੀਣ ਖਾਤਰ ਸ਼ੀਘਰਤਾ ਧਾਰਣ ਵਾਕੂੰ ਗੁਰੂ ਮਹਾਰਾਜ ਦਿਆਂ ਚਰਣਾਂ ਦੇ ਅੰਮ੍ਰਿਤ ਪੀਣ ਵਾਸਤੇ ਜੇ ਨਹੀਂ ਉਮੰਗ ਉਤਸ਼ਾਹ ਕਰ ਕੇ ਮਿਲਦਾ ਤਾਂ ਓਸ ਦੇ ਹਿਰਦੇ ਅੰਦਰ ਭਰੋਸਾ ਨਹੀਂ ਤੇ ਉਹ ਗੁਰੂ ਕਾ ਦਾਸ ਨਹੀਂ ਹੋ ਸਕਦਾ। ਉਹ ਤਾਂ ਕੇਵਲ ਹਾਸੋ ਹੀਣੀ ਦੀ ਥਾਂ ਹੁੰਦਾ ਹੈ।

ਸਤਿਰੂਪ ਸਤਿਨਾਮੁ ਸਤਿਗੁਰ ਗਿਆਨ ਧਿਆਨ ਏਕ ਟੇਕ ਸਿਖ ਜਲ ਮੀਨ ਹੁਇ ਦਿਖਾਵਈ ।੫੫੧।

ਸਤਿਗੁਰਾਂ ਦੇ ਸਤਿਨਾਮੁ ਨੂੰ ਹੀ ਸਤ੍ਯ ਸਰੂਪ ਗਿਆਨ ਜਾਣ ਕੇ ਓਸ ਦੇ ਹੀ ਧਿਆਨ ਦੀ ਇਕ ਮਾਤ੍ਰ ਟੇਕ ਧਾਰਣ ਕਰਦਾ ਹੋਇਆ ਗੁਰੂ ਕਾ ਸਿੱਖ ਜਲ ਵਿਖੇ ਮਛਲੀ ਵਤ ਹੋ ਦਿਖੌਂਦਾ ਹੈ ॥੫੫੧॥