ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 36


ਨਿਰਗੁਨ ਸਰਗੁਨ ਕੈ ਅਲਖ ਅਬਿਗਤ ਗਤਿ ਪੂਰਨ ਬ੍ਰਹਮ ਗੁਰ ਰੂਪ ਪ੍ਰਗਟਾਏ ਹੈ ।

ਜਿਸ ਦੇ ਨਿਰਗੁਣ ਨਿਰਾਕਾਰ ਸਰੂਪ ਨੂੰ ਨਾ ਲਿਖਿਆ ਜਾ ਸਕਣ ਵਾਲਾ ਹੋਣ ਕਰ ਕੇ ਅਲਖ ਰੂਪ ਵਰਨਣ ਕੀਤਾ ਜਾਂਦਾ ਹੈ, ਜਿਸ ਦੀ ਗਤਿ ਗ੍ਯਾਨ ਅਬਿਗਤ ਅਬ੍ਯਕ੍ਤ = ਅਪ੍ਰਗਟ ਸਰੂਪ ਹੈ, ਵਾ ਜਿਸ ਦਾ ਅਬਿਗਤ ਗ੍ਯਾਨ ਗਤਿ ਨਿਵਿਰਤ ਹੋ ਚੁਕਾ ਹੈ ਬੁਧੀ ਆਦਿਕਾਂ ਦੀ ਗੰਮਤਾ ਤੋਂ ਐਸੇ ਪੂਰਨ ਬ੍ਰਹਮ ਨੇ ਹੀ ਸਰਗੁਨ ਆਕਾਰ ਧਾਰੀ ਹੈ ਹੋ ਕੇ ਬਣ ਕੇ ਆਪਣੇ ਆਪ ਨੂੰ ਗੁਰੂ ਰੂਪ ਵਿਖੇ ਪ੍ਰਗਟਾਇਆ ਹੈ।

ਸਰਗੁਨ ਸ੍ਰੀ ਗੁਰ ਦਰਸ ਕੈ ਧਿਆਨ ਰੂਪ ਅਕੁਲ ਅਕਾਲ ਗੁਰਸਿਖਨੁ ਦਿਖਾਏ ਹੈ ।

ਉਸ ਸਰਗੁਣ ਸਰੂਪ ਮਨੁਖ ਦੇਹ ਧਾਰੀ ਸ੍ਰੀ ਕਲ੍ਯਾਨ ਰੂਪ ਗੁਰੂ ਮਹਾਰਾਜ ਜੀ ਨੂੰ ਦਰਸ ਨੇਤ੍ਰ ਗੋਚਰ ਹੋਣ ਤੇ ਵਾ ਦਰਸ਼ਨ ਵਿਚ ਔਣ ਤੇ ਜਿਨ੍ਹਾਂ ਨੇ ਕੈ ਧ੍ਯਾਨ ਕੀਤਾ ਹੈ ਧ੍ਯਾਨ ਉਨ੍ਹਾਂ ਦਾ ਭਾਵ ਆਪਣੇ ਚਿੱਤ ਅੰਦਰ ਜਿਨ੍ਹਾਂ ਨੇ ਵਸਾਇਆ ਹੈ, ਉਨ੍ਹਾਂ ਗੁਰ ਸਿੱਖਾਂ ਨੂੰ ਆਪਣਾ ਅਕਲ ਮਾਯਾ ਅਵਿਦ੍ਯਾ ਦੀਆਂ ਕਲਾਂ ਤੋਂ ਰਹਿਤ ਅਕਾਲ ਰੂਪ ਸਤ੍ਯ ਸਰੂਪ ਅਬਿਨਾਸੀ ਰੂਪ ਦਿਖਾਇਆ ਅਨੁਭਵ ਕਰਾਇਆ ਹੈ।

ਨਿਰਗੁਨ ਸ੍ਰੀ ਗੁਰ ਸਬਦ ਅਨਹਦ ਧੁਨਿ ਸਬਦ ਬੇਧੀ ਗੁਰ ਸਿਖਨੁ ਸੁਨਾਏ ਹੈ ।

ਇਸ ਭਾਂਤ ਤਾਂ ਸਰਗੁਣ ਸਰੂਪੀ ਦ੍ਵਾਰੇ ਅਪਣਾ ਅਕਾਲ ਰੂਪ ਦਰਸ਼ਨ ਕਰਾਯਾ ਤੇ ਨਿਰਗੁਣ ਸਰੂਪ ਸ੍ਰੀ ਗੁਰੂ ਮਹਾਰਾਜ ਜੀ ਨੇ ਸ਼ਬਦ ਬੇਧੀ ਜਿਨਾਂ ਦੇ ਚਿੱਤਾਂ ਨੂੰ ਸਤਿਗੁਰਾਂ ਦੇ ਉਪਦੇਸ਼ ਨੇ ਵਿੰਨ ਦਿੱਤਾ ਹੈ ਜਿਨਾਂ ਦੇ ਅੰਦਰ ਸ਼ਬਦ ਧਸ ਚੁੱਕਾ ਹੈ ਅਥਵਾ ਬੇਧੀ ਪਾਠਾਂਤਰ ਹੋਣ ਕਰ ਕੇ ਜੋ ਜਾਨਣਹਾਰੇ ਸ਼ਬਦ ਦੇ ਮਰਮੀ ਹਨ ਐਸੇ ਨਾਮ ਰਸੀਏ ਗੁਰਸਿੱਖਾਂ ਨੂੰ ਅਨਹਦ ਸ਼ਬਦ ਦੀ ਧੁਨੀ ਦੇ ਰੂਪ ਵਿਚ ਸੁਣਾਕੇ ਅਨੁਭਵ ਕਰਾਇਆ ਹੈ।

ਚਰਨ ਕਮਲ ਮਕਰੰਦ ਨਿਹਕਾਮ ਧਾਮ ਗੁਰੁਸਿਖ ਮਧੁਕਰ ਗਤਿ ਲਪਟਾਏ ਹੈ ।੩੬।

ਇਉਂ ਕਰ ਕੇ ਨਿਰਗੁਣ ਸਰਗੁਣ ਸਰੂਪ ਦੇ ਦਰਸ਼ਨ ਕਰੌਣ ਹਾਰੇ ਸਤਿਗੁਰਾਂ ਨੂੰ ਨਿਹਕਾਮ ਧਾਮ ਨਿਸ਼ਕਾਮਤਾ ਦੇ ਮੰਦਿਰ ਵਾ ਨਿਸ਼ਕਾਮ ਪਦ ਮੁਕਤੀ ਦਾ ਅਸਥਾਨ ਜਾਣ ਕੇ ਗੁਰ ਸਿੱਖ ਉਨ੍ਹਾਂ ਦੇ ਚਰਣ ਕਮਲਾਂ ਦੀ ਮਕਰੰਦ ਸੁਗੰਧੀ ਦੀ ਸਾਰ ਰੂਪ ਧੂਲੀ ਰਜ ਨਾਲ ਮਧੁਕਰ ਗਤਿ ਭੌਰੇ ਵਾਕੂੰ ਲਪਟਾਏ ਹੈ ਲੰਪਟ ਹੁੰਦੇ ਪ੍ਰੇਮ ਕਰਦੇ ਵਾ ਉਸ ਵਿਖੇ ਲਿਵ ਲੀਣ ਹੁੰਦੇ ਹਨ ॥੩੬॥