ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 28


ਸਬਦ ਸੁਰਤਿ ਲਿਵ ਗੁਰ ਸਿਖ ਸੰਧ ਮਿਲੇ ਸਸਿ ਘਰਿ ਸੂਰਿ ਪੂਰ ਨਿਜ ਘਰਿ ਆਏ ਹੈ ।

ਗੁਰੂ ਅਰ ਸਿੱਖ ਦੀ ਸੰਧਿ ਜੋੜ ਮਿਲ ਜੁੜ ਪੈਣ ਤੇ ਸ਼ਬਦ ਗੁਰੂ ਦੇ ਉਪਦੇਸ਼ ਨਾਮ ਦੀ ਸਹਜ ਧੁਨੀ ਵਿਖੇ ਸੁਰਤਿ ਦੀ ਲਿਵ ਲਗਦੀ ਹੈ, ਇਉਂ ਕਰ ਕੇ ਕਿ ਜਦ ਸਸਿ ਚੰਦ੍ਰਮਾ = ਖਬੇ ਪਾਸੇ ਦੀ ਪ੍ਰਾਣ ਧਾਰਾ ਘਰਿ ਸੂਰ ਸੂਰਜ ਸੁਰ ਸੱਜੇ ਪਾਸੇ ਦੀ ਪ੍ਰਾਣ ਧਾਰਾ ਦੇ ਘਰ ਆ ਜਾਵੇ ਤੇ ਇਹੀ ਉਲਟ ਕੇ ਭਾਵ ਸੂਰਜ ਸੁਰ ਚੰਦ੍ਰਮਾ ਦੇ ਘਰ ਪੂਰ ਪੂਰਣ ਆਨ ਭਰੀਏ, ਤਾਂ ਗੁਰਮੁਖ ਦਾ ਮਨ ਨਿਜ ਘਰ ਅਪਣੇ ਅਸਲੀ ਟਿਕਾਣੇ ਆਤਮ ਪਦ ਵਿਖੇ ਆ ਜਾਂਦਾ ਹੈ।

ਓੁਲਟਿ ਪਵਨ ਮਨ ਮੀਨ ਤ੍ਰਿਬੈਨੀ ਪ੍ਰਸੰਗ ਤ੍ਰਿਕੁਟੀ ਉਲੰਘਿ ਸੁਖ ਸਾਗਰ ਸਮਾਏ ਹੈ ।

ਇਹ ਉਲਟਾਇਆ ਇਸ ਭਾਂਤ ਜਾਂਦਾ ਹੈ ਕਿ ਮੱਛੀ ਵਾਂਗੂੰ ਜਲ ਦੇ ਸ੍ਰੋਤ ਉਪਰ ਪਹੁੰਚਨ ਖਾਤਰ ਜੀਕੂੰ ਉਹ ਪ੍ਰਵਾਹ ਉਲਟਾ ਪਕੜ ਕੇ। ਚਲਦੀ ਤੇ ਥਾਹ ਨਾ ਪਾ ਕੇ ਮੁੜ ਆਉਂਦੀ ਅਰ ਫੇਰ ਉਂਞੇਂ ਹੀ ਪਿਛਾਹਾਂ ਨੂੰ ਉਲਟਾ ਮੋੜਾ ਖਾਂਦੀ ਹੋਈ ਬਾਰ ਬਾਰ ਐਸਾ ਹੀ ਕਰਦੀ ਰਹਿੰਦੀ ਹੈ, ਤੀਕੂੰ ਹੀ ਸੋ ਮਨ ਮੱਛ ਨੂੰ ਪੌਣ ਦੀ ਧਾਰਾ ਨਾਲ ਸ਼ਬਦ ਦੇ ਆਸਰੇ ਉਕਤ ਧਾਰਾ ਅਨੁਸਾਰ ਇਕ ਸਾਰ ਸ੍ਵਾਸਾਂ ਦੀ ਆਵਾਜਾਈ ਅਨੁਸਾਰ ਵਰਤਾਈ ਜਾਵੇ, ਤਾਂ ਸੱਜੀ ਖੱਬੀ ਸੁਰ ਜਿਹੜੇ ਟਿਕਾਣੇ ਸੁਖਮਨਾ ਨਾੜੀ ਦੇ ਘਾਟ ਉਪਰ ਮੇਲ ਖਾਂਦੀਆਂ ਹਨ ਓਸ ਤ੍ਰਿਬੇਣੀ ਦੇ ਟਿਕਾਣੇ ਜਾ ਪ੍ਰਸੰਗ ਸੰਬਧ = ਪਹੁੰਚ ਪ੍ਰਾਪਤ ਕਰਦਾ ਹੈ, ਅਰੁ ਫੇਰ ਤ੍ਰਿਕੁਟੀ ਦੇ ਅਸਥਾਨ ਤੇ ਪੁਜ ਓਸ ਨੂੰ ਭੀ ਉਲੰਘ ਕੇ ਸ਼ਾਂਤ ਸਰੋਵਰ ਨਾਮੀ ਸੁਖ ਸਾਗਰ ਸੁਖ ਸਮੁੰਦਰ ਰੂਪ ਸੁੰਨ ਪਦ ਅਫੁਰ ਪਦ ਸਰੂਪ ਚੌਥੇ ਧਾਮ ਵਿਖੇ ਹੀ ਜਾ ਸਮਾਉਂਦਾ ਹੈ।

ਤ੍ਰਿਗੁਨ ਅਤੀਤ ਚਤੁਰਥ ਪਦ ਗੰਮਿਤਾ ਕੈ ਨਿਝਰ ਅਪਾਰ ਧਾਰ ਅਮਿਅ ਚੁਆੲੈ ਹੈ ।

ਜਦ ਇਉਂ ਚੌਥੇ ਪਦ ਤੁਰੀਆ ਪਦ ਵਿਖੇ ਗੰਮਤਾ ਕੈ ਪਹੁੰਚ ਪ੍ਰਾਪਤ ਕਰ ਲੈਂਦਾ ਹੈ ਤਾਂ ਤਿੰਨਾਂ ਗੁਣਾਂ ਰਜੋ ਸਤੋ ਤਮੋ ਅਰੁ ਇਨਾਂ ਦੇ ਬਲ ਤੋਂ ਉਤਪੰਨ ਹੋਣ ਹਾਰੀਆਂ ਜਾਗ੍ਰਤ ਸੁਪਨ ਸੁਖੋਪਤ ਰੂਪ ਅਵਸਥਾਵਾਂ ਦੇ ਬੇਗ ਤੋਂ ਹੋਣ ਹਾਰਿਆਂ ਅਸਰਾਂ ਤੋਂ ਅਤੀਤ = ਰਹਿਤ ਹੋ ਜਾਂਦਾ ਹੈ, ਜਦ ਕਿ ਨਿਝਰ ਝਰਣੇ ਫੁਹਾਰੇ = ਝਲਾਰ ਤੋਂ ਬਿਨਾਂ ਹੀ ਅਪਾਰ ਧਾਰਾ ਅੰਮ੍ਰਿਤ ਦੀ ਇਸ ਦੇ ਅੰਦਰ ਚੋ ਆਇਆ ਕਰਦੀ ਹੈ।

ਚਕਈ ਚਕੋਰ ਮੋਰ ਚਾਤ੍ਰਿਕ ਅਨੰਦਮਈ ਕਦਲੀ ਕਮਲ ਬਿਮਲ ਜਲ ਛਾਏ ਹੈ ।੨੮।

ਸੂਰਜ ਦੀ ਗਤੀ ਸਾਧ ਲੈਣ ਕਰ ਕੇ ਚਕਵੀ ਵਤ ਤੇ ਚੰਦ੍ਰ ਸੁਰ ਨੂੰ ਸਾਧ ਕੇ ਚਕੋਰ ਸਮਾਨ ਅਰ ਸ਼ਬਦ ਧੁਨੀ ਨੂੰ ਪ੍ਰਾਪਤ ਹੁੰਦਾ ਹੋਇਆ ਮੋਰ ਵਾਂਗੂੰ ਤਥਾ ਅੰਮ੍ਰਿਤ ਧਾਰਾ ਦੇ ਚੋਣ ਕਾਰਣ ਚਾਤ੍ਰਿਕ ਪਪੀਹੇ ਸਮਾਨ, ਆਨੰਦ ਮਈ ਆਨੰਦ ਰੂਪਿਣੀ ਦਸ਼ਾ ਨੂੰ ਮਾਣਦਾ ਹੋਇਆ ਐਸ ਤਰ੍ਹਾਂ ਪ੍ਰਫੁਲਿਤ ਹੁੰਦਾ ਹੈ, ਜਿਸ ਤਰ੍ਹਾਂ ਕਿ ਨਿਰਮਲ ਜਲ ਵਿਖੇ ਕੌਲ ਤਥਾ ਕੇਲਾ ॥੨੮॥ ਕੇਲੇ ਤੇ ਕੌਲ ਅੰਦਰ ਇਤਨੀ ਹੱਦ ਦਰਜੇ ਦੀ ਚਿਕਨਾਹਟ ਹੋਣ ਕਾਰਣ ਜੀਕੂੰ ਜਲ ਉਨ੍ਹਾਂ ਨੂੰ ਪੋਹ ਨਹੀਂ ਸਕਦਾ ਤੀਕੂੰ ਹੀ ਗੁਰਮਤ ਵਿਖੇ ਦ੍ਰਿੜ੍ਹ ਹੋਏ ਗੁਰਮੁਖ ਗਿਆਨੀ ਨੂੰ ਏਹ ਸੰਸਾਰ ਭੀ ਹੁਣ ਆਪਣੇ ਵਿਚ ਰਹਿੰਦਿਆਂ ਸੰਦਿਆਂ ਭੀ ਲਿਪਾਇਮਾਨ ਨਹੀਂ ਕਰ ਸਕਦਾ।


Flag Counter