ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 400


ਪਾਰਸ ਪਰਸ ਦਰਸ ਕਤ ਸਜਨੀ ਕਤ ਵੈ ਨੈਨ ਬੈਨ ਮਨ ਮੋਹਨ ।

ਪਾਰਸ ਦੇ ਸਮਾਨ ਪਰਸਨ ਹਾਰੇ ਸਤਿਗੁਰਾਂ ਦੇ ਦਰਸ਼ਨ ਕਤ = ਕਿਥੇ ਹਨ ਹੇ ਸੰਤ ਜਨੋ! ਅਤੇ ਕਿਧਰ ਹਨ ਮਨ ਦੇ ਮੋਹਨ ਹਾਰੇ ਉਹ ਨੇਤ੍ਰ ਤਥਾ ਬਚਨ ਬਿਲਾਸ।

ਕਤ ਵੈ ਦਸਨ ਹਸਨ ਸੋਭਾ ਨਿਧਿ ਕਤ ਵੈ ਗਵਨ ਭਵਨ ਬਨ ਸੋਹਨ ।

ਕਿਧਰ ਹਨ ਸ਼ੋਭਾ ਦੇ ਭੰਡਾਰ ਹਸੂੰ ਹਸੂੰ ਕਰਣ ਹਾਰੇ ਸ੍ਰੀ ਗੁਰੂ ਮਹਾਰਾਜ ਦੇ ਅਤ੍ਯੰਤ ਉਜਲੇ ਦੰਦ ਮੁਖ ਯਾ ਚਿਹਰੇ ਤੋਂ ਭਾਵ ਹੈ; ਅਤੇ ਕਿਧਰ ਹੈ ਗਵਨ ਭਵਨ ਚਲਣਾ ਫਿਰਣਾ ਬੋਲਣਾ; ਸੋਹਨ ਸੋਹਣਾ ਸੁੰਦ੍ਰ ਮਟਕ ਮਟਕ ਚਲਨ ਹਾਰੀ ਸਤਿਗੁਰਾਂ ਦੀ ਚਾਲ ਚਰਣ ਕਮਲਾਂ ਤੋਂ ਭਾਵ ਹੈ।

ਕਤ ਵੈ ਰਾਗ ਰੰਗ ਸੁਖ ਸਾਗਰ ਕਤ ਵੈ ਦਇਆ ਮਇਆ ਦੁਖ ਜੋਹਨ ।

ਸੁਖਾਂ ਦੇ ਸਮੁੰਦਰ ਸਤਿਗੁਰਾਂ ਦੀ ਹਜੂਰੀ ਵਿਚ ਹੋਣ ਹਾਰੇ ਸ਼ਬਦ ਕੀਰਤਨ ਵਾਲਾ ਰਾਗ ਰੰਗ ਕਿਧਰ ਹੈ ਤੇ ਗੁਰੂ ਮਹਾਰਾਜ ਦੀ ਦਿਆਲੁਤਾ ਅਰੁ ਕ੍ਰਿਪਾਲਤਾ ਜੋ ਦੁੱਖਾਂ ਨੂੰ ਹਨ ਨਾਸ਼ ਕਰਨ ਵਾਲੀ ਹੈ ਕਿੱਥੇ ਹੈ?

ਕਤ ਵੈ ਜੋਗ ਭੋਗ ਰਸ ਲੀਲਾ ਕਤ ਵੈ ਸੰਤ ਸਭਾ ਛਬਿ ਗੋਹਨ ।੪੦੦।

ਭੋਗ ਰਸ ਸੰਸਾਰੀ ਬਿਲਾਸਾਂ ਵਿਚ ਹੀ ਜੋਗ ਦੀਆਂ ਲੀਲਾਂ ਕਰਤਬਾਂ ਵਾਲੇ ਉਹ ਰੰਗ ਰਸ ਕਿਧਰ ਗਏ ਤੇ ਉਹ ਸਤਾਂ ਸਤਿਗੁਰਾਂ ਦੀ ਸਭਾ ਦੀਵਾਨ ਦੀ ਸੁੰਦ੍ਰਤਾ ਭਰੀ ਸਜਾਵਟ ਜੋ ਗੋ ਅਗ੍ਯਾਨ ਅੰਧਕਾਰ ਦੇ ਹਨ ਹਨਣ ਹਾਰੀ ਨਾਸ਼ ਕਰਤਾ ਸੀ ਉਹ ਕਿਧਰ ਗਈ? ॥੪੦੦॥


Flag Counter