ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 548


ਜੈਸੇ ਪ੍ਰਾਤ ਸਮੈ ਖਗੇ ਜਾਤ ਉਡਿ ਬਿਰਖ ਸੈ ਬਹੁਰਿ ਆਇ ਬੈਠਤ ਬਿਰਖ ਹੀ ਮੈ ਆਇ ਕੈ ।

ਜਿਸ ਤਰ੍ਹਾਂ ਪ੍ਰਭਾਤ ਵੇਲੇ ਪੰਛੀ ਬਿਰਛ ਉੱਤੇ ਉਡ ਜਾਇਆ ਕਰਦੇ ਤੇ ਸੰਧ੍ਯਾ ਸਮੇਂ ਮੁੜ ਬਿਰਛ ਮੈਂ ਪੈ ਉਪਰ ਹੀ ਆਣ ਬੈਠਿਆ ਕਰਦੇ ਹਨ।

ਚੀਟੀ ਚੀਟਾ ਬਿਲ ਸੈ ਨਿਕਸਿ ਧਰ ਗਵਨ ਕੈ ਬਹੁਰਿਓ ਪੈਸਤ ਜੈਸੇ ਬਿਲ ਹੀ ਮੈ ਜਾਇ ਕੈ ।

ਜਿਸ ਤਰ੍ਹਾਂ ਕੀੜੇ ਖੁੱਡ ਵਿਚੋਂ ਨਿਕਲ ਕੇ ਧਰਤੀ ਉਪਰ ਫਿਰਨ ਤੁਰਨ ਲਗ ਪੈਂਦੇ ਹਨ, ਤੇ ਮੁੜ ਆਪਣੀ ਖੁੱਡ ਵਿਚ ਹੀ ਜਾ ਪ੍ਰਵੇਸ਼ ਪਾਇਆ ਧਸਿਆ ਕਰਦੇ ਹਨ।

ਲਰਕੈ ਲਰਿਕਾ ਰੂਠਿ ਜਾਤ ਤਾਤ ਮਾਤ ਸਨ ਭੂਖ ਲਾਗੈ ਤਿਆਗੈ ਹਠ ਆਵੈ ਪਛੁਤਾਇ ਕੈ ।

ਜਿਸ ਤਰ੍ਹਾਂ ਲੜਕੇ ਲੜਕੀਆਂ ਬਾਲਕ ਮਾਤਾ ਪਿਤਾ ਨਾਲ ਲੜ ਕੇ ਰੁੱਸ ਜਾਇਆ ਕਰਦੇ ਹਨ, ਤੇ ਭੁੱਖ ਲਗਿਆਂ ਹਠ ਤਿਆਗ ਕੇ ਪਛੋਤੌਂਦੇ ਮੁੜ ਆ ਜਾਇਆ ਕਰਦੇ ਹਨ, ਵਾ ਲੜ ਕੇ ਲੜਕੇ ਪਿਤਾ ਮਾਤਾ ਮਾਪ੍ਯਾਂ ਨਾਲ।

ਤੈਸੇ ਗ੍ਰਿਹ ਤਿਆਗਿ ਭਾਗਿ ਜਾਤ ਉਦਾਸ ਬਾਸ ਆਸਰੋ ਤਕਤ ਪੁਨਿ ਗ੍ਰਿਹਸਤ ਕੋ ਧਾਇ ਕੈ ।੫੪੮।

ਤਿਸੇ ਪ੍ਰਕਾਰ ਘਰ ਤਿਆਗ ਕੇ ਲੋਕ ਭੱਜ ਜਾਇਆ ਕਰਦੇ ਹਨ, ਤੇ ਉਦਾਸ ਬਾਸ ਬਨੋਬਾਸੀ ਅਤੀਤ ਹੋ ਜਾਂਦੇ ਹਨ, ਪਰ ਮੁੜ ਦੌੜ ਦੌੜ ਭਟਕ ਭਟਕ ਕੇ ਗ੍ਰਿਸਤੀਆਂ ਦਾ ਹੀ ਆਸਰਾ ਤੱਕਿਆ ਕਰਦੇ ਹਨ ॥੫੪੮॥


Flag Counter