ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 99


ਪੂਰਨ ਬ੍ਰਹਮ ਗੁਰ ਪੂਰਨ ਸਰਬਮਈ ਪੂਰਨ ਕ੍ਰਿਪਾ ਕੈ ਪਰਪੂਰਨ ਕੈ ਜਾਨੀਐ ।

ਪੂਰਨ ਬ੍ਰਹਮ ਸਰੂਪ ਪੂਰਨ ਗੁਰੂ ਦੀ ਪੂਰਨ ਕਿਰਪਾ ਨਾਲ ਸਰਬਮਈ ਸਰਬ ਸਰੂਪੀ ਰੂਪ ਨੂੰ ਪਰਪੂਰਣ ਪ੍ਰੀਪੂਰਣ ਸਰਬਤ੍ਰ ਸਰਬ ਠੌਰ ਸਭ ਜੜ ਜੰਗਮ ਵਿਖੇ ਰਮਿਆ ਹੋਇਆ ਜਾਣ ਸਕੀਦਾ ਹੈ।

ਦਰਸ ਧਿਆਨ ਲਿਵ ਏਕ ਅਉ ਅਨੇਕ ਮੇਕ ਸਬਦ ਬਿਬੇਕ ਟੇਕ ਏਕੈ ਉਰ ਆਨੀਐ ।

ਇਸ ਵਾਸਤੇ ਗੁਰੂ ਦੇ ਉਪਦੇਸ਼ੇ ਮਾਰਗ ਅਨੁਸਾਰ, ਦਰਸ ਧਿਆਨ ਲਿਵ ਏਕ ਅਉ ਅਨੇਕ ਮੇਕ ਜੋ ਕੁਛ ਦ੍ਰਿਸ਼੍ਯ ਸਰੂਪੀ ਪਦਾਰਥ ਸਮੂਹ ਨਿਗ੍ਹਾ ਵਿੱਚ ਦੀ ਲੰਘੇ, ਓਸ ਵਿਖੇ ਇੱਕ ਵਾਹਿਗੁਰੂ ਦਾ ਪ੍ਰਕਾਸ਼ ਹੀ ਅਨੇਕਾਂ ਵਿਚ ਮੇਕ ਮਿਲੇ ਹੋਏ ਦੀ ਲਿਵ ਤਾਰ ਲਗਾਵੇ ਅਉ ਔਰ ਐਸਾ ਹੀ ਸ਼ਬਦ ਬਿਬੇਕ ਸ਼ਬਦ ਮਾਤ੍ਰ ਕਰ ਕੇ ਬਾਣੀ ਦ੍ਵਾਰੇ ਜਿਸ ਕਾਸੇ ਦਾ ਭੀ ਬਿਬੇਕ ਵੀਚਾਰ ਯਾ ਗਿਆਨ ਪ੍ਰਾਪਤ ਹੋ ਸਕਦਾ ਹੈ ਓਸ ਸਮੂਹ ਨਾਮ ਰੂਪ ਪਰਪੰਚ ਵਿਖੇ ਇੱਕ ਮਾਤ੍ਰ ਸੱਤਾ ਸਰੂਪ ਦੀ ਟੇਕ ਨਿਸਚਾ ਭੌਣੀ ਹੀ ਉਰਿ ਆਨੀਐ ਹਿਰਦੇ ਅੰਦਰ ਲਿਆਵੇ।

ਦ੍ਰਿਸਟਿ ਦਰਸ ਅਰੁ ਸਬਦ ਸੁਰਤਿ ਮਿਲਿ ਪੇਖਤਾ ਬਕਤਾ ਸ੍ਰੋਤਾ ਏਕੈ ਪਹਿਚਾਨੀਐ ।

ਭਾਵ ਦ੍ਰਿਸਟਿ ਦਰਸ ਅਰੁ ਸਬਦ ਸੁਰਤਿ ਮਿਲਿ ਜਿਸ ਅਨੁਭਵ ਦੇ ਟਿਕਾਣੇ ਉਪਰ ਦ੍ਰਿਸ਼ਟੀ ਤੇ ਦਰਸ਼ਨ ਮਿਲਦੇ ਹਨ, ਅਰੁ ਜਿਸ ਉਸੇ ਹੀ ਟਿਕਾਣੇ ਸ਼ਬਦ ਅਤੇ ਸੁਰਤਿ ਸ੍ਰਵਣ ਸ਼ਕਤੀ ਦਾ ਮਿਲਾਪ ਹੁੰਦਾ ਹੈ। ਓਥੇ ਉਸ ਟਿਕਾਣੇ ਪੇਖਤਾ ਪੇਖਨ ਹਾਰਾ ਦੇਖਣ ਵਾਲਾ ਬਕਤਾ ਬੋਲਣਹਾਰਾ ਅਰੁ ਸ੍ਰੋਤਾ ਸੁਨਣ ਹਾਰਾ ਕੇਵਲ ਇਕ ਮਾਤ੍ਰ ਚੈਤੰਨ੍ਯ ਸਰੂਪ ਆਤਮਾ ਹੀ ਅਨੁਭਈਆਂ ਪਹਿਚਾਨੀਏ।

ਸੂਖਮ ਸਥੂਲ ਮੂਲ ਗੁਪਤ ਪ੍ਰਗਟ ਠਟ ਨਟ ਵਟ ਸਿਮਰਨ ਮੰਤ੍ਰ ਮਨੁ ਮਾਨੀਐ ।੯੯।

ਸਥੂਲ ਸੂਖਮ ਦਾ ਮੂਲ ਮੁੱਢ ਉਹ ਅਤੇ ਗੁਪਤ ਪ੍ਰਗਟ ਅੰਦਰ ਬਾਹਰ ਵਰਤਣ ਹਾਰਾ ਠਟ ਠਾਠ ਪਸਾਰਾ ਸਭ ਨਟ ਵਟ ਓਹੀ ਨਟ ਵਤ ਨਟ ਦੀ ਨ੍ਯਾਈਂ ਸਭ ਕੁਛ ਬਣ ਕੇ ਭੀ ਸਭ ਤੋਂ ਅਸੰਗ ਨ੍ਯਾਰਾ ਰਹਿ ਕੇ ਖੇਲ ਰਿਹਾ ਹੈ। ਪਤਰ ਸਿਮਰਨ ਮੰਤ੍ਰ ਮਨੁ ਮਾਨੀਐ ਜੇਕਰ ਸਤਿਗੁਰਾਂ ਦੇ ਉਪਦੇਸ਼ੇ ਮੰਤ੍ਰ ਨੂੰ ਸਿਮਰਣ ਕਰੀਏ ਤਦ ਇਸ ਗੱਲ ਉਪਰ ਮਨ ਮੰਨਦਾ ਅਰਥਤਾ ਨਿਸਚਾ ਲਿਔਂਦਾ ਹੈ ॥੯੯॥