ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 316


ਚਕਈ ਚਕੋਰ ਮ੍ਰਿਗ ਮੀਨ ਭ੍ਰਿੰਗ ਅਉ ਪਤੰਗ ਪ੍ਰੀਤਿ ਇਕ ਅੰਗੀ ਬਹੁ ਰੰਗੀ ਦੁਖਦਾਈ ਹੈ ।

ਚਕਵੀ ਦੀ ਇਕ ਸੂਰਜ ਮਾਤ੍ਰ ਨਾਲ, ਤੇ ਚਕੋਰ ਦੀ ਚੰਦ੍ਰਮੇ ਨਾਲ ਅਤੇ ਹਰਣ ਦੀ ਘੰਡੇ ਹੇੜੇ ਦੀ ਧੁਨੀ ਨਾਲ ਮਛੀ ਦੀ ਰਸ ਸ੍ਵਾਦ ਮਾਤ੍ਰ ਨਾਲ, ਤਥਾ ਭਿੰਗ੍ਰ ਭੌਰੇ ਦੀ ਕੌਲ ਫੁੱਲ ਨਾਲ, ਅਰੁ ਪਤੰਗੇ ਦੀ ਦੀਵੇ ਦੀ ਲਾਟ ਮਾਤ੍ਰ ਨਾਲ ਇਸੇ ਕਰ ਕੇ ਹੀ ਏਨਾ ਦੀ ਪ੍ਰੀਤੀ ਇਕ ਅੰਗੀ ਕਹੀ ਜਾਂਦੀ ਹੈ; ਐਸੀ ਇਕ ਮਾਤ੍ਰ ਪ੍ਰੀਤੀ ਤੋਂ ਛੁੱਟ ਸਭਨੀਂ ਪਾਸੀਂ ਲੱਤ ਅੜਾਨ ਵਾਲੀ ਪ੍ਰੀਤੀ ਬਹੁ ਰੰਗੀ ਕਹੀ ਜਾਂਦੀ ਹੈ, ਸੋ ਬਹੁਤੀਆਂ ਥਾਵਾਂ ਤੇ ਵੰਡੀ ਹੋਈ ਬਹੁਰੰਗੀ ਪ੍ਰੀਤੀ ਦੁਖਦਾਈ ਹੁੰਦੀ ਹੈ, ਕ੍ਯੋਂਕਿ ਬਹੁਤਿਆਂ ਪ੍ਰੀਤਮਾਂ ਨੂੰ ਇਕੋ ਵਾਰ ਹੀ ਇਕ ਸਮੇਂ ਰਿਝਾਇਆ ਨਹੀਂ ਜਾ ਸਕਦਾ। ਅਥਵਾ ਇਕ ਰੰਗੀ ਇਕ ਪਾਸੜ ਪ੍ਰੀਤ ਬਹੁਰੰਗੀ ਦੁਖਦਾਈ ਬਹੁਤ ਪ੍ਰਕਾਰ ਕਰ ਕੇ ਦੁਖਾਂ ਦੀ ਦਾਤੀ ਹੈ ਇਉਂ ਭੀ ਅਰਥ ਹੋ ਸਕਦਾ ਹੈ ਪਰ ਕਬਿਤ ਵਿਚ ਭਾਈ ਸਾਹਿਬ ਨੇ ਜੋ ਆਸ਼੍ਯ ਪ੍ਰਗਟ ਕੀਤਾ ਹੈ ਓਹ ਪਹਿਲਿਆਂ ਅਰਥਾਂ ਨੂੰ ਹੀ ਸਿੱਧ ਕਰਦਾ ਹੈ।

ਏਕ ਏਕ ਟੇਕ ਸੈ ਟਰਤ ਨ ਮਰਤ ਸਬੈ ਆਦਿ ਅੰਤਿ ਕੀ ਚਾਲ ਚਲੀ ਆਈ ਹੈ ।

ਇਕੋ ਇਕ ਹੀ ਪ੍ਯਾਰੇ ਦੀ ਟੇਕ ਧਾਰ ਕੇ ਓਸ ਵੱਲੋਂ ਟਾਲੇ ਹੋਏ ਰਲਦੇ ਨਹੀਂ ਹਨ ਉਪ੍ਰੋਕਤ ਜੀਵ, ਸਗੋਂ ਸਾਰੇ ਹੀ ਪ੍ਯਾਰੇ ਦੇ ਪ੍ਯਾਰ ਪਿਛੇ ਮੌਤ ਨੂੰ ਸਹੇੜਦੇ ਹਨ। ਇਹ ਆਦਿ ਅੰਤ ਧੁਰ ਤੋਂ ਹੀ ਜਗਤ ਵਿਚ ਚਾਲ ਚਲੀ ਆ ਰਹੀ ਹੈ ਭਾਵ ਇਨਾਂ ਜੀਵਾਂ ਦੇ ਪ੍ਯਾਰ ਦੀ ਇਸੇ ਕਰ ਕੇ ਹੀ ਸੱਥ ਤੁਰੀ ਹੋਈ ਹੈ।

ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪੁ ਐਸੋ ਲੋਗ ਪਰਲੋਗ ਸੁਖਦਾਇਕ ਸਹਾਈ ਹੈ ।

ਗੁਰ ਸਿੱਖਾਂ ਦੀ ਸੰਗਤ ਸਾਧ ਸੰਗਤ ਦੇ ਮਿਲਾਪ ਦਾ ਮਹਾਤਮ ਐਸਾ ਹੈ ਕਿ ਲੋਕ ਵਿਚ ਜੀਉਂਦੇ ਜੀ ਤਾਂ ਸਭ ਤਰ੍ਹਾਂ ਸੁਖਾਂ ਦੇ ਦੇਣਹਾਰਾ ਹੈ, ਤੇ ਸਰੀਰ ਛੁਟਨ ਉਪ੍ਰੰਤ ਪਰਲੋਕ ਵਿਚ ਭੀ ਉਤਮ ਗਤੀ ਕਲ੍ਯਾਣ ਦਾ ਕਾਰਣ ਹੋਣ ਕਰ ਕੇ ਸਹਾਈ ਹੈ। ਭਾਵ ਉਕਤ ਜੀਵਾਂ ਵਾਕੂੰ ਪ੍ਯਾਰ ਵਿਚ ਮਰ ਮਿਟ੍ਯਾਂ ਕੇਵਲ ਨਾਮਨੇ ਦੀ ਪ੍ਰਾਪਤੀ ਕਰ ਕੇ ਇੱਥੇ ਹੀ ਤਬਾਹ ਨਹੀਂ ਕਰ ਸੁੱਟਨ ਵਾਲਾ ਬਲਕਿ ਇਥੇ ਭੀ ਤੇਜ ਪ੍ਰਤਾਪ ਦਾ ਜੀਊਂਦੇ ਜੀ ਕਾਰਣ, ਤੇ ਪ੍ਰਲੋਕ ਵਿਚ ਭੀ ਸਹਾਈ ਹੋਣ ਹਾਰਾ ਐਸਾ ਸਾਧ ਸੰਗਤ ਦਾ ਪ੍ਰੇਮ ਹੈ।

ਗੁਰਮਤਿ ਸੁਨਿ ਦੁਰਮਤਿ ਨ ਮਿਟਤ ਜਾ ਕੀ ਅਹਿ ਮਿਲਿ ਚੰਦਨ ਜਿਉ ਬਿਖੁ ਨ ਮਿਟਾਈ ਹੈ ।੩੧੬।

ਐਸੇ ਮਹਾਂ ਪ੍ਰਭਾਵ ਵਾਲੀ ਸਾਧ ਸੰਗਤਿ ਵਿਚ ਮਿਲ ਕੇ ਤੇ ਅਨੰਨ ਪ੍ਰੇਮ ਦਿਖਾਲਦਿਆਂ ਭੀ ਜੇਕਰ ਗੁਰਮਤਿ ਗੁਰ ਉਪਦੇਸ਼ ਸ੍ਰਵਣ ਕਰਦਿਆਂ ਕਿਸੇ ਦੀ ਦੁਸ਼ਟ ਬੁਧੀ ਨਹੀਂ ਮਿਟਦੀ, ਭਾਵ ਥਾਂ ਥਾਂ ਭਟਕਨ ਦੀ ਬਾਣ ਨਹੀਂ ਹਟਦੀ, ਤਾਂ ਓਸ ਨੂੰ ਚੰਨਣ ਦੇ ਬੂਟੇ ਨਾਲ ਚੰਬੜਿਆ ਸੱਪ ਹੀ ਸਮਝਨਾ ਜੋ ਸ਼ਾਂਤੀ ਪ੍ਰਦਾਤੇ ਚੰਨਣ ਦੀ ਸੰਗਤ ਵਿਚ ਹਰ ਸਮੇਂ ਵਸਦਿਆਂ ਹੋਯਾਂ ਭੀ, ਅਪਣੀ ਵਿਖ ਨਿਵਾਰਣ ਨਹੀਂ ਕਰ ਸਕਦਾ ॥੩੧੬॥


Flag Counter