ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 491


ਪਾਨ ਕਪੂਰ ਲਉਂਗ ਚਰ ਕਾਗੈ ਆਗੈ ਰਾਖੈ ਬਿਸਟਾ ਬਿਗੰਧ ਖਾਤ ਅਧਿਕ ਸਿਯਾਨ ਕੈ ।

ਪਾਨ, ਕਪੂਰ, ਤਥਾ ਲਉਂਗਾਂ ਆਦਿ ਉਤਮ ਉਤਮ ਸੁਗੰਧਤ ਪਦਾਰਥਾਂ ਦਾ ਚਰ ਚਾਰਾ ਕਾਂ ਦੇ ਅਗੇ ਚੁਗਨ ਲਈ ਰਖੀਏ ਤਾਂ ਉਹ ਬਿਸਟਾ ਗੋਹਿਆ ਆਦਿ ਦੁਰਗੰਧੀਆਂ ਨੂੰ ਅਧਿਕ ਸਿਧਾਨ ਕੈ ਬਹੁਤ ਪੁਜ ਪੁਜ ਕੇ ਖਾਇਆ ਕਰਦਾ ਹੈ ਭਾਵੇ ਬਦਬੂਦਾਰ ਪਦਾਰਥ ਹੀ ਓਸ ਨੂੰ ਅਧਿਕ ਰੁਚਦੇ ਹਨ।

ਬਾਰ ਬਾਰ ਸ੍ਵਾਨ ਜਉ ਪੈ ਗੰਗਾ ਇਸਨਾਨੁ ਕਰੈ ਟਰੈ ਨ ਕੁਟੇਵ ਦੇਵ ਹੋਤ ਨ ਅਗਿਆਨ ਕੈ ।

ਜੇਕਰ ਸ੍ਵਾਨ ਕੁੱਤਾ ਬਾਰੰਬਾਰ ਮੁੜ ਮੁੜ ਗੰਗਾ ਵਿਚ ਨ੍ਹਾਵੇ ਤਾਂ ਐਸਾ ਕਰਨ ਨਾਲ ਓਸ ਦੀ ਖੋਟੀ ਬਾਣ ਚੱਕੀਆਂ ਚੱਟਨ ਵਾ ਭੌਂਕਨ ਆਦਿ ਦੀ ਟਲ ਨਹੀਂ ਜਾਂਦੀ ਤੇ ਅਗਿਆਨ ਦੇ ਕਾਰਣ ਉਹ ਕੋਈ ਦੇਵਤਾ ਭੀ ਨਹੀਂ ਬਣ ਜਾਇਆ ਕਰਦਾ।

ਸਾਪਹਿ ਪੈ ਪਾਨ ਮਿਸਟਾਨ ਮਹਾਂ ਅੰਮ੍ਰਿਤ ਕੈ ਉਗਲਤ ਕਾਲਕੂਟ ਹਉਮੈ ਅਭਿਮਾਨ ਕੈ ।

ਸੱਪ ਨੂੰ ਪੈ ਪਾਨ ਦੁੱਧ ਪਿਆਈਏ ਕੈ ਅਥਵਾ ਅੰਮ੍ਰਿਤ ਰੂਪ ਮਿਸ਼ਟਾਨ ਕੜਾਹ ਚੂਰਮਾ ਖੀਰ ਪੂੜੇ ਆਦਿ ਮਿੱਠੇ ਮਿੱਠੇ ਸ੍ਵਾਦਿਕ ਪਦਾਰਥ ਛਕਾਈਏ, ਪਰ ਹਉਮੈ ਅਤੇ ਅਭਿਮਾਨ ਕਾਰਣ ਉਹ ਜਦ ਕਦ ਕਾਲਕੂਟ ਵਿਚਹੁ ਹੀ ਉਗਲਿਆ ਕਰਦਾ ਹੈ।

ਤੈਸੇ ਮਾਨਸਰ ਸਾਧਸੰਗਤਿ ਮਰਾਲ ਸਭਾ ਆਨ ਦੇਵ ਸੇਵਕ ਤਕਤ ਬਗੁ ਧਿਆਨ ਕੈ ।੪੯੧।

ਤਿਸੀ ਪ੍ਰਕਾਰ ਮਾਨ ਸਰੋਵਰ ਰੂਪ ਸਾਧਸੰਗਤਿ ਅੰਦਰ ਮਰਾਲ ਸਭਾ ਹੰਸ ਸਰੂਪ ਗੁਰਸਿੱਖਾਂ ਦੀ ਸਭਾ ਵਿਚ ਜੇਕਰ ਆਨ ਦੇਵ ਸੇਵਕ ਨੂੰ ਲਿਆ ਭੀ ਬਿਠਾਈਏ ਤਾਂ ਉਹ ਬਗਲ ਧਿਆਨੇ ਪੁਰਖ ਵਾਕੂੰ ਹੀ ਤੱਕਿਆ ਕਰਦਾ ਹੈ ਭਾਵ ਔਗੁਣਾਂ ਦੀ ਭਾਲ ਵਿਚ ਹੀ ਰਹਿੰਦਾ ਹੈ ॥੪੯੧॥