ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 203


ਦਰਸ ਧਿਆਨ ਬਿਰਹਾ ਬਿਆਪੈ ਦ੍ਰਿਗਨ ਹੁਇ ਸ੍ਰਵਨ ਬਿਰਹੁ ਬਿਆਪੈ ਮਧੁਰ ਬਚਨ ਕੈ ।

ਦਰਸ਼ਨ ਦੇ ਧਿਆਨ ਵਿਚ, ਭਾਵ ਸਤਿਗੁਰਾਂ ਦੇ ਦਰਸ਼ਨ ਦੀ ਤਾਂਘ ਅੰਦਰ ਨੇਤਰਾਂ ਵਿਖੇ ਵਿਛੋੜੇ ਦਾ ਪ੍ਰਭਾਵ ਵਾਪਰਿਆ ਪਿਆ ਹੈ, ਅਤੇ ਮਿਠੇ ਮਿਠੇ ਹਿਤ ਭਰੇ ਕਲਿਆਣ ਦਾਤੇ ਬਚਨ ਗੁਰੂ ਮਹਾਰਾਜ ਦੇ ਸੁਨਣ ਖਾਤਰ ਕੰਨਾਂ ਅੰਦਰ ਬਿਰਹਾ ਵਾਪਰ ਰਿਹਾ ਹੈ।

ਸੰਗਮ ਸਮਾਗਮ ਬਿਰਹੁ ਬਿਆਪੈ ਜਿਹਬਾ ਕੈ ਪਾਰਸ ਪਰਸ ਅੰਕਮਾਲ ਕੀ ਰਚਨ ਕੈ ।

ਮਿਲਾਪ ਦੀ ਘੜੀ ਸਤਿਸੰਗ ਦੇ ਅਉਸਰ ਦੀ ਤਾਂਘ ਕਾਰਣ ਗੁਰੂ ਮਹਾਰਾਜ ਨਾਲ ਪ੍ਰਸ਼ਨ ਉਤਰ ਵੀ ਵਾਰਤਾ ਅਲਾਪ ਤੋਂ ਰਹਿਤ ਹੋਈ ਹੋਈ ਰਸਨਾ ਤਾਂਈ ਬਿਰਹੋਂ ਬਿਆਪਿਆ ਹੋਯਾ ਹੈ, ਅਤੇ ਪਾਰਸ ਰੂਪ ਚਰਣਾਂ ਨੂੰ ਪਰਸਦਿਆਂ ਭਾਵ ਚਰਣ ਪਲੋਸਦਿਆਂ ਅੰਕਮਾਲ ਮਾਲਾ ਦੇ ਅੰਗ ਸੀਨੇ ਨਾਲ ਓਨ੍ਹਾਂ ਨੂੰ ਲਗਾ ਲੈਣ ਦੇ ਘਾਟੇ ਕਾਰਣ ਸੀਨੇ ਰਿਦੇ ਨੂੰ ਬਿਰਹਾ ਬਿਆਪ ਰਿਹਾ ਹੈ।

ਸਿਹਜਾ ਗਵਨ ਬਿਰਹਾ ਬਿਆਪੈ ਚਰਨ ਹੁਇ ਪ੍ਰੇਮ ਰਸ ਬਿਰਹ ਸ੍ਰਬੰਗ ਹੁਇ ਸਚਨ ਕੈ ।

ਸ਼ਯਨ ਕਾਲ ਵਿਖੇ ਸਤਿਗੁਰਾਂ ਦੇ ਸਮੀਪ ਜਾਣ ਦੀ ਤਾਂਘ ਅਰਥਾਤ ਏਕਾਂਤ ਬਾਸੀ ਯਾਤਰਾ ਦੀ ਯਾਦ ਪੈਰਾਂ ਵਿਚ ਬਿਰਹੇ ਨੂੰ ਬਿਆਪਿਤ ਕਰ ਪਸਾਰ ਰਹੀ ਹੈ, ਅਤੇ ਸਮੂਲਚੀ ਨਿਕਟਤਾ ਦੇ ਘਾਟੇ ਕਾਰਣ ਪ੍ਰੇਮ ਰਸ ਦਾ ਬਿਰਹਾ ਸਮੂਹ ਅੰਗਾਂ ਵਿਖੇ ਹੀ ਸਚਨ ਸਿਕੋੜ ਕੰਠਿਤਤਾ ਉਤਪੰਨ ਕਰ ਰਿਹਾ ਹੈ ਭਾਵ ਕੁੜੱਲ ਪੈ ਪੈ ਜਾਂਦੇ ਹਨ। ਗੱਲ ਕੀਹ ਕਿ:

ਰੋਮ ਰੋਮ ਬਿਰਹ ਬ੍ਰਿਥਾ ਕੈ ਬਿਹਬਲ ਭਈ ਸਸਾ ਜਿਉ ਬਹੀਰ ਪੀਰ ਪ੍ਰਬਲ ਤਚਨ ਕੈ ।੨੦੩।

ਇਸ ਭਾਂਤ ਰੋਮ ਰੋਮ ਵਿਖੇ ਬਿਰਹੇ ਦੇ ਬਿਆਪਨ ਕਰ ਕੇ ਮੇਰੀ ਬਿਰਥਾ ਦਸ਼ਾ ਬਿਹਬਲ ਬੇਹਾਲ ਨਿਢਾਲ ਹੋ ਰਹੀ ਹੈ, ਜਿਸ ਤਰ੍ਹਾਂ ਕਿ ਚਾਰੋਂ ਪਾਸੀਂ ਸਹੇ ਵਿਚਾਰੇ ਉਪਰ ਸ਼ਿਕਾਰਿਆਂ ਦਾ ਵਹੀਰ ਝੁੰਡ ਇਕੋ ਵਾਰ ਹੀ ਆਨ ਪਵੇ ਤਾਂ ਕੋਈ ਪਾਸਾ ਨਾ ਸੁਝਦਾ ਦਿੱਸ ਓਸ ਨੂੰ ਪ੍ਰਬਲ ਪੀੜਾ ਅਸਹਿ ਕਸ਼ਟ ਰੂਪ ਹੋ ਤਾੜਿਆ ਕਰਦਾ ਹੈ ਤੀਕੂੰ ਹੀ ਮੇਰੀ ਦਸ਼ਾ ਬੀਤ ਰਹੀ ਹੈ ॥੨੦੩॥


Flag Counter