ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 347


ਕਕਹੀ ਦੈ ਮਾਗ ਉਰਝਾਏ ਸੁਰਝਾਏ ਕੇਸ ਕੁੰਕਮ ਚੰਦਨ ਕੋ ਤਿਲਕ ਦੇ ਲਲਾਰ ਮੈ ।

ਜਿਸ ਟਿਕਾਣੇ ਮਾਂਗ ਸੰਧੂਰ ਦੀ ਧੜੀ ਸੁਆਰੀ ਜਾਇਆ ਕਰਦੀ ਹੈ ਕੰਘੀ ਨਾਲ ਵਾਹ ਕੇ ਉਲਝਿਆਂ ਕੇਸਾਂ ਨੂੰ ਸੁਲਝਾ ਵਾਹ ਸੁਆਰ ਦੈ ਦਿਤਾ ਤੇ ਲਿਲਾਰ ਮੈ ਮਸਤਕ ਵਿਖੇ ਕੇਸਰ ਚੰਨਣ ਦਾ ਤਿਲਕ ਲਗਾ ਦਿੱਤਾ।

ਅੰਜਨ ਖੰਜਨ ਦ੍ਰਿਗ ਬੇਸਰਿ ਕਰਨ ਫੂਲ ਬਾਰੀ ਸੀਸ ਫੂਲ ਦੈ ਤਮੋਲ ਰਸ ਮੁਖ ਦੁਆਰ ਮੈ ।

ਖੰਜਨ ਮਮੋਲੇ ਦੇ ਸਮਾਨ ਸ੍ਯਾਮ ਰੰਗ ਵਾਲੇ ਨੇਤ੍ਰਾਂ ਵਿਚ ਅੰਜਨ ਸੁਰਮਾ ਪਾ ਕੇ ਬੇਸਰਿ ਨਕੌੜਾ ਨੱਕ ਵਿਚ ਪਾ ਦਿੱਤਾ ਤੇ ਕਰਨ ਫੂਲ ਕੰਨਾਂ ਵਿਚ ਝਮਕੇ ਪਾ ਦਿੱਤੇ ਅਤੇ ਨਾਲ ਹੀ ਬਾਰੀ ਵਾਲੀਆਂ ਮੁਰਕੀਆਂ ਭੀ ਅਰੁ ਸੀਸ ਫੂਲ ਸਿਰ ਤੇ ਫੁੱਲ ਚੌਕ ਫੁਲ ਪਾਏ ਤੇ ਮੂੰਹ ਵਿਚ ਤਮੋਲ ਪਾਨ ਚਬਾਯਾ।

ਕੰਠਸਰੀ ਕਪੋਤਿ ਮਰਕਤ ਅਉ ਮੁਕਤਾਹਲ ਬਰਨ ਬਰਨ ਫੂਲ ਸੋਭਾ ਉਰ ਹਾਰ ਮੈ ।

ਕੰਠ ਮਾਲਾ ਜਿਸ ਥੱਲੇ ਕਬੂਤਰ ਦੇ ਆਕਾਰ ਵਰਗੀ ਇਨਾਮੀ ਪਰੁੱਚੀ ਹੋਈ ਹੈ ਅਤੇ ਮਰਕਤ ਸਬਜ਼ ਰੰਗੀ ਨਗੀਨੇ ਤੇ ਮੋਤੀ ਬਰਨ ਬਰਨ = ਵੰਨੋ ਵੰਨੀ ਭਾਂਤ ਦਿਆਂ ਫੁੱਲਾਂ ਦੇ ਰੂਪ ਵਿਚ ਜੜੇ ਹੋਏ ਹਨ ਜਿਸ ਵਿਚ ਐਸਾ ਸੁੰਦ੍ਰ ਹਾਰ ਉਰ ਛਾਤੀ ਨਾਲ ਸ਼ੋਭਾ ਦੇ ਰਿਹਾ ਹੈ।

ਚਚਰਚਰੀ ਕੰਕਨ ਮੁੰਦਿਕਾ ਮਹਦੀ ਬਨੀ ਅੰਗੀਆ ਅਨੂਪ ਛੁਦ੍ਰਪੀਠਿ ਕਟ ਧਾਰ ਮੈ ।੩੪੭।

ਚਚਰਚਰੀ ਆਰਸੀ, ਕੰਕਨ ਕੜੇ, ਮੁੰਦ੍ਰਿਕਾ, ਮੁੰਦ੍ਰੀਆਂ ਤੇ ਮਹਦੀ ਉਂਗਲੀਆਂ ਉਪਰ ਬਨੀ = ਫਬ ਰਹੀ ਹੈ। ਅਰੁ ਉਪਮਾ ਤੋਂ ਰਹਿਤ ਸੁੰਦ੍ਰ ਅੰਗੀਆ ਅੰਗਰਖੀ ਪਹਰਾਈ ਹੋਈ ਅਤੇ ਕਟਿਧਾਰ ਲੱਕ ਦੇ ਆਲੇ ਦੁਆਲੇ ਛੁਦ੍ਰ ਪੀਠ ਸੋਹਣੀ ਤੜਾਗੀ ਕੱਸੀ ਹੋਈ ਹੈ ॥੩੪੭॥


Flag Counter