ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 286


ਨਵਨ ਗਵਨ ਜਲ ਸੀਤਲ ਅਮਲ ਜੈਸੇ ਅਗਨਿ ਉਰਧ ਮੁਖ ਤਪਤ ਮਲੀਨ ਹੈ ।

ਜਿਸ ਪਕਾਰ ਨਿਵਾਨ ਨੀਵੇਂ ਪਾਸੇ ਵੱਲ ਗਮਨ ਕਰਦਾ ਚਲਦਾ ਹੈ ਪਾਣੀ ਤੇ ਇਸ ਕਰ ਕੇ ਰਹਿੰਦਾ ਹੈ ਉਹ ਠੰਢਾ ਠਾਰ ਤੇ ਨਿਰਮਲ ਸ੍ਵਛ = ਮੈਲ ਦੂਰ ਕਰਨ ਵਾਲਾ, ਇਸੇ ਤਰ੍ਹਾਂ ਨਿੰਮ੍ਰਤਾ -ਅਧੀਨਗੀ ਧਾਰਣ ਵਾਲੇ ਹੁੰਦੇ ਹਨ, ਸਾਧ ਅਸਲ ਸਿੱਖ ਅਤੇ ਅੱਗ ਚਲਦੀ ਬਲਦੀ ਹੈ ਜੀਕੂੰ ਉਤਾਹਾਂ ਮੰਹ ਕਰ ਕੇ ਤੇ ਇਸ ਕਰ ਕੇ ਹੀ ਉਹ ਰਹਿੰਦੀ ਹੈ ਸਦਾ ਸੜਦੀ ਅਤੇ ਮੈਲੀ ਤੀਕੂੰ ਹੀ ਹੰਕਾਰੀ ਗੁਰਮਤ ਨੂੰ ਲਤਾੜ ਆਪਾ ਹੁਦਰੀ ਵਿਚ ਤੁਰਨ ਵਾਲੇ ਹੁੰਦੇ ਹਨ, ਅਸਾਧ = ਅਸਿੱਖ।

ਬਰਨ ਬਰਨ ਮਿਲਿ ਸਲਿਲ ਬਰਨ ਸੋਈ ਸਿਆਮ ਅਗਨਿ ਸਰਬ ਬਰਨ ਛਬਿ ਛੀਨ ਹੈ ।

ਰੰਗ ਰੰਗ ਨਾਲ, ਭਾਵ ਜੇਹੋ ਜੇਹਾ ਰੰਗ ਆਨ ਮਿਲੇ ਜਲ ਓਸੇ ਹੀ ਰੰਗ ਦਾ ਹੋ ਦਿਖੌਂਦਾ ਹੈ। ਪਰ ਅੰਦਰੋਂ ਅਪਣੀ ਸ੍ਵਛ ਰੰਗਤ ਦਾ ਰਹਿੰਦਾ ਹੈ ਅਰਥਾਤ ਨਾ ਪਰਾਏ ਦਾ ਹਰਜਾ ਕਰਦਾ ਤੇ ਨਾ ਅਪਣੀ ਹੀ ਹਾਨੀ ਹੋਣ ਦਿੰਦਾ ਹੈ ਪਰ ਅੱਗ ਆਪ ਕਾਲੇ ਮੂੰਹ ਵਾਲੀ ਹੈ ਤੇ ਸਭ ਰੰਗਾਂ ਰੂਪਾਂ ਦੀ ਛਬਿ = ਸੁੰਦਰਤਾ ਨੂੰ ਨਾਸ ਕਰ ਸਿੱਟਦੀ ਹੈ। ਐਸਾ ਹੀ ਹਾਲ ਅਸਲੀ ਸਿੱਖਾਂ ਤੇ ਅਸਿੱਖਾਂ ਵਾ ਸਾਧਾਂ ਅਸਾਧਾਂ ਦਾ ਸਮਝ ਰਖੋ।

ਜਲ ਪ੍ਰਤਿਬਿੰਬ ਪਾਲਕ ਪ੍ਰਫੁਲਿਤ ਬਨਾਸਪਤੀ ਅਗਨਿ ਪ੍ਰਦਗਧ ਕਰਤ ਸੁਖ ਹੀਨ ਹੈ ।

ਜਲ ਸੂਰਜ ਦੇ ਉਲਟਵੇਂ ਬਿੰਬ ਅਕਸ = ਪ੍ਰਛਾਵੇਂ ਨੂੰ ਅਪਣੇ ਵਿਚ ਪੈਂਦਿਆਂ ਪਾਲਦਾ ਸੰਪਾਲਦਾ ਹੈ ਇਸ ਲਈ ਕਿ ਸੂਰਜ ਦੇ ਪ੍ਰਕਾਸ਼ ਦ੍ਵਾਰੇ ਓਸ ਤੋਂ ਉਪਜੀਆਂ ਬਨਸਪਤੀਆਂ ਪ੍ਰਫੁਲਿਤ ਰਹਿੰਦੀਆਂ ਹਨ ਅਥਵਾ ਜਲ ਬਰਖਾ ਰੂਪ ਹੋਇਆ ਮਾਨੋ ਸੂਰਜ ਤੋਂ ਪ੍ਰਗਟਦਾ ਹੈ। ਪ੍ਰੰਤੂ ਅੱਗ ਜਲ ਨੂੰ ਤੇ ਓਸ ਤੋਂ ਉਤਪੰਨ ਹੋਈਆਂ ਬਨਾਸਪਤੀਆਂ ਨੂੰ ਪ੍ਰਦਗਧ ਕਰਦੀ ਭਲੀ ਪ੍ਰਕਾਰ ਬੁਰੀ ਤਰਾਂ ਸਾੜਦੀ ਹੈ, ਤੇ ਓਨ੍ਹਾਂ ਨੂੰ ਸਰਬ ਸੁਖਾਂ ਤੋਂ ਰਹਿਤ ਕਰ ਦਿੰਦੀ ਹੈ ਮਾਨੋ ਅਪਣੇ ਤੋਂ ਉਪਜਾਏ ਹੋਣ ਦੀ ਲਾਜ ਨਹੀਂ ਪਾਲਦੀ। ਇਹੀ ਹਾਲ ਸਿੱਖ ਸਾਧ ਦਾ ਤੇ ਅਸਿੱਖ ਅਸਾਧ ਦਾ ਹੈ, ਕਿ ਉਹ ਦੂਸਰੇ ਦੇ ਉਪਕਾਰ ਨੂੰ ਕਦੀ ਨਹੀਂ ਵਿਸਾਰਦਾ ਤੇ ਅਪਣੱਤ ਦੀ ਲਾਜ ਨਿਬਾਂਹਦਾ ਹੈ ਅਰੁ ਉਹ ਉਪਕਾਰ ਯਾ ਅਪਣੱਤ ਨੂੰ ਮੂਲੋਂ ਹੀ ਵਿਸਾਰ ਕੇ ਸਦਾ ਅਪਕਾਰ ਬੁਰਾ ਹੀ ਕਰਦਾ ਹੈ।

ਤੈਸੇ ਹੀ ਅਸਾਧ ਸਾਧ ਸੰਗਮ ਸੁਭਾਵ ਗਤਿ ਗੁਰਮਤਿ ਦੁਰਮਤਿ ਸੁਖ ਦੁਖ ਹੀਨ ਹੈ ।੨੮੬।

ਤਿਸੇ ਪ੍ਰਕਾਰ ਹੀ ਅਸਾਧ ਤਥਾ ਸਾਧ ਦੇ ਸੰਗਮ ਮਿਲਾਪ ਦੀ ਗਤਿ ਹਾਲਤ ਜਾਣ ਲਵੋ, ਕਿ ਸਾਧ ਤਾਂ ਗੁਰਮਤ ਦੇ ਕਾਰਣ ਦੁਖ ਹੀਨ = ਸੁਖ ਸਰੂਪ ਹੈ, ਅਤੇ ਅਸਾਧ ਦੁਰਮਤਿ ਕਰ ਕੇ ਸੁਖ ਹੀਨ = ਦੁਖੀ ਰਹਿੰਦਾ ਹੈ ॥੨੮੬॥


Flag Counter