ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 478


ਜਉ ਪੈ ਤੂੰਬਰੀ ਨ ਬੂਡੇ ਸਰਤ ਪਰਵਾਹ ਬਿਖੈ ਬਿਖਮੈ ਤਊ ਨ ਤਜਤ ਹੈ ਮਨ ਤੇ ।

ਜੇਕਰ ਤੂੰਬੀ ਨਦੀ ਦੇ ਹੜ੍ਹ ਵਿਚ ਭੀ ਨਹੀਂ ਡੁੱਬਦੀ ਭਾਵ ਤਰਦੀ ਰਹਿੰਦੀ ਹੈ, ਤਾਂ ਕੀਹ ਬਿਖਮੈ ਕੁੜੱਤਨ ਪਣਾ ਤਾਂ ਤਊ ਤਾਂ ਭੀ ਤਰ ਕੇ ਭੀ ਮਨ ਵਿਚੋਂ ਅੰਦਰੋਂ ਨਹੀਂ ਤ੍ਯਾਗ੍ਯਾ ਕਰਦੀ।

ਜਉ ਪੈ ਲਪਟੈ ਪਾਖਾਨ ਪਾਵਕ ਜਰੈ ਸੂਤ੍ਰ ਜਲ ਮੈ ਲੈ ਬੋਰਿਤ ਰਿਦੈ ਕਠੋਰਪਨ ਤੇ ।

ਜੇਕਰ ਪਾਵਕ ਲਪਟੈ ਅੱਗ ਦੀ ਲਪਟ ਨਾਲ ਪਥਰ ਨਹੀਂ ਸੜਿਆ ਤਾਂ ਕੀਹ ਉਹ ਅਪਣੇ ਰਿਦੇ ਦੇ ਕਠੋਰ ਪਣੇ ਕਾਰਣ ਤਾਂ ਸੂਤ੍ਰ ਰੱਸੀ ਨੂੰ ਭੀ ਪਾਣੀ ਵਿਚ ਨਾਲ ਹੀ ਲੈ ਡੁਬਿਆ ਕਰਦਾ ਹੈ।

ਜਉ ਪੈ ਗੁਡੀ ਉਡੀ ਦੇਖੀਅਤ ਹੈ ਆਕਾਸਚਾਰੀ ਬਰਸਤ ਮੇਂਹ ਬਾਚੀਐ ਨ ਬਾਲਕਨ ਤੇ ।

ਜੇਕਰ ਗੁਡੀ ਨੂੰ ਉਡਦੀ ਹੋਈ ਆਕਾਸਚਾਤਾਰਾ ਬਣੀ ਭੀ ਦੇਖੀਏ ਪਰ ਕੀਹ ਹੋਇਆ ਮੀਂਹ ਵਰ੍ਹ ਪਵੇ ਤਾਂ ਉਡੌਨ ਵਾਲਿਆਂ ਬਾਲਕ੍ਯਾਂ ਕੋਲੋਂ ਗਲਨੋਂ ਬਚਾਈ ਨਹੀਂ ਜਾ ਸਕ੍ਯਾ ਕਰਦੀ।

ਤੈਸੇ ਰਿਧਿ ਸਿਧਿ ਭਾਉ ਦੁਤੀਆ ਤ੍ਰਿਗੁਨ ਖੇਲ ਗੁਰਮੁਖ ਸੁਖਫਲ ਨਾਹਿ ਕ੍ਰਿਤਘਨਿ ਤੇ ।੪੭੮।

ਤਿਸੀ ਪ੍ਰਕਾਰ ਆਨ ਦੇਵ ਸੇਵਾ ਤੋਂ ਪਾਣੀ ਉਪਰ ਤੁਰਨ ਵਾ ਅੱਗ ਵਿਚ ਦੀ ਅਣਸੜਿਆਂ ਲੰਘ ਪੈਣ ਅਥਵਾ ਅਕਾਸ਼ੀ ਉਡਾਰੀਆਂ ਲੈਣ ਰੂਪ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਗਈ ਤਾਂ ਵਿਘਨ ਵਾਪਰਦੇ ਸਾਰ ਨਸ਼ਟ ਹੋ ਜਾਣ ਵਾਲੀ ਇਹ ਸ਼ਕਤੀ ਕਿਸ ਕੰਮ? ਇਹ ਤਾਂ ਦੁਤੀਆ ਭਉ ਮਾਯਾ ਦਾ ਪਸਾਰਾ ਤਿੰਨਾਂ ਗੁਣਾਂ ਦੀ ਹੀ ਖੇਡ ਹੈ। ਗੁਰਮੁਖੀ ਸੁਖਫਲ ਜੰਮਨ ਮਰਣ ਤੋਂ ਛੁਟਕਾਰਾ ਕ੍ਰਿਤਘਨ ਤੇ ਨਾਹਿ ਕ੍ਰਿਤਘਨ ਦੇਵਤਿਆਂ ਪਾਸੋਂ ਕਦਾਚਿਤ ਨਹੀਂ ਪ੍ਰਾਪਤ ਹੋ ਸਕਦਾ ॥੪੭੮॥


Flag Counter