ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 222


ਮਨ ਮਧੁਕਰਿ ਗਤਿ ਭ੍ਰਮਤ ਚਤੁਰ ਕੁੰਟ ਚਰਨ ਕਮਲ ਸੁਖ ਸੰਪਟ ਸਮਾਈਐ ।

ਮਨ ਭੌਰੇ ਵਾਕੂੰ ਚਾਰੋਂ ਕੁੰਟਾਂ ਵਿਚ ਭਟਦਾ ਰਹਿੰਦਾ ਹੈ ਜਦੋਂ ਭੀ ਹੋਵੇ ਇਕ ਸਤਿਗੁਰਾਂ ਦਿਆਂ ਕਮਲ ਰੂਪ ਚਰਣਾਂ ਨੂੰ ਪ੍ਰਾਪਤ ਹੋ ਕੇ ਹੀ ਸੁਖ ਸੰਪੁਟ ਵਿਖੇ ਸਮਾਈ ਪਾਯਾ ਕਰਦਾ ਹੈ ਭਾਵ ਤਦ ਤਕ ਸੁਖ ਪਦ ਵਿਚ ਇਸ ਨੂੰ ਢੋਈ ਨਹੀਂ ਮਿਲ ਸਕਿਆ ਕਰਦੀ।

ਸੀਤਲ ਸੁਗੰਧ ਅਤਿ ਕੋਮਲ ਅਨੂਪ ਰੂਪ ਮਧੁ ਮਕਰੰਦ ਤਸ ਅਨਤ ਨ ਧਾਈਐ ।

ਅਰਥਾਤ ਜਦ ਸੀਤਲ ਸ਼ਾਂਤੀ ਪ੍ਰਦਾਤੀ ਸੁਗਧ ਸੁਕੀਰਤੀ ਸੰਪੰਨ ਅਤ੍ਯੰਤ ਕੋਮਲ ਤੇ ਅਨੂਪਮ ਮਨੋਹਰ ਰੂਪ ਵਾਲੀ ਮਧੁ ਮਿੱਠੀ ਮਿੱਠੀ ਮਕਰੰਦ ਰਸ ਰੂਪ ਚਰਣ ਧੂਲੀ ਰਜ ਨੂੰ ਪ੍ਰਾਪਤ ਹੋ ਜਾਂਦਾ ਹੈ, ਫੇਰ ਹੋਰ ਨਹੀਂ ਧਾਯਾ ਭਟਕਿਆ ਕਰਦਾ।

ਸਹਜ ਸਮਾਧਿ ਉਨਮਨ ਜਗਮਗ ਜੋਤਿ ਅਨਹਦ ਧੁਨਿ ਰੁਨਝੁਨ ਲਿਵ ਲਾਈਐ ।

ਇਸ ਸਮੇਂ ਸਗੋਂ ਸਹਿਜੇ ਹੀ ਟਿਕਿਆ ਹੋਇਆ ਜਗ ਮਗ ਜਗ ਮਗ ਪ੍ਰਕਾਸ਼ ਕਰ ਹੀ ਕ੍ਯੋਤੀ ਵਿਚ ਉਨਮਨ ਮਗਨ ਹੋਇਆ ਹੋਇਆ ਰੁਣ ਝੁਣ ਕਾਰਿਣੀ ਅਨਹਦ ਧੁਨੀ ਵਿਖੇ ਲਿਵ ਲਗਾਈ ਪਰਚਿਆ ਰਹਿੰਦਾ ਹੈ।

ਗੁਰਮੁਖਿ ਬੀਸ ਇਕੀਸ ਸੋਹੰ ਸੋਈ ਜਾਨੈ ਆਪਾ ਅਪਰੰਪਰ ਪਰਮਪਦੁ ਪਾਈਐ ।੨੨੨।

ਇਸ ਅਵਸਥਾਂ ਦੇ ਮਰਮ ਨੂੰ ਕੇਵਲ ਸੋਈਓ ਗੁਰਮੁਖ ਹੀ ਜਾਣਦਾ ਹੈ, ਜਿਸ ਨੂੰ ਬੀਸ ਜਗਤ ਇਕੀਸ ਈਸ਼੍ਵਰ ਤਥਾ ਸੋ ਪਰਮਾਤਮਾ ਅਰੁ ਹੰ ਜੀਵ ਆਤਮਾ ਸਭ ਕੁਛ ਆਪ ਅਪਰੰਪਰ ਸਰੂਪ ਹੀ ਹੈ ਇਸ ਪ੍ਰਕਾਰ ਦੇ ਸਾਮਰਤੱਖ ਗਿਆਨ ਰੂਪ ਪਰਮ ਪਦ ਦੀ ਪ੍ਰਾਪਤੀ ਹੋ ਆਯਾ ਕਰਦੀ ਹੈ ॥੨੨੨॥


Flag Counter