ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 383


ਪਾਹਨ ਕੀ ਰੇਖ ਆਦਿ ਅੰਤਿ ਨਿਰਬਾਹੁ ਕਰੈ ਟਰੈ ਨ ਸਨੇਹੁ ਸਾਧ ਬਿਗ੍ਰਹੁ ਅਸਾਧ ਕੋ ।

ਪੱਥਰ ਦੀ ਲੀਕ ਜੀਕੂੰ ਆਦਿ ਅੰਤ ਪ੍ਰਯੰਤ ਨਿਰਬਾਹ ਕਰਦੀ ਹੈ ਅਰਥਾਤ ਜੀਕੂੰ ਪੱਥਰ ਉਪਰ ਲੀਕ ਪਾਈ ਜਾਵੇ ਤਾਂ ਜਦ ਤਕ ਉਹ ਪੱਥਰ ਆਪ ਛਿੰਨ ਭਿੰਨ ਨਹੀਂ ਹੋ ਜਾਵੇ ਤਦ ਤਕ ਨਹੀਂ ਮਿਟਿਆ ਕਰਦੀ, ਤੀਕੂੰ ਹੀ ਸਾਧ ਭਲੇ ਪੁਰਖ ਦਾ ਸਨੇਹ ਪ੍ਯਾਰ ਅਤੇ ਅਸਾਧ ਭੈੜੇ ਦਾ ਬਿਗ੍ਰਹ ਵੈਰ ਵਿਰੋਧ ਯਾ ਹਠ ਭੀ ਟਾਲਿਆ ਕਦੀ ਨਹੀਂ ਟਲ ਸਕਦਾ ਸਿਰਾਂ ਪ੍ਰਯੰਤ ਤੁਰਿਆ ਜਾਂਦਾ ਹੈ।

ਜੈਸੇ ਜਲ ਮੈ ਲਕੀਰ ਧੀਰ ਨ ਧਰਤਿ ਤਤ ਅਧਮ ਕੀ ਪ੍ਰੀਤਿ ਅਉ ਬਿਰੁਧ ਜੁਧ ਸਾਧ ਕੋ ।

ਜਿਸ ਤਰ੍ਹਾਂ ਪਾਣੀ ਅੰਦਰ ਲਕੀਰ ਪਾਈ ਜਾਵੇ ਤਾਂ ਤਤ ਸੋ ਉਹ ਧੀਰ ਟਿਕਾਉ ਨਹੀਂ ਧਾਰ ਸਕ੍ਯਾ ਕਰਦੀ ਖਿਚੀਂਦੀ ਖਿਚੀਂਦੀ ਲੋਪ ਹੋ ਜਾਂਦੀ ਹੈ, ਇਸੇ ਤਰ੍ਹਾਂ ਅਧਮ ਨੀਚ ਦੀ ਪ੍ਰੀਤ ਅਤੇ ਸਾਧ ਦਾ ਕਿਸੇ ਦੇ ਵਿਰੋਧ ਵਿਚ ਜੁੱਧ ਲੜਾਈ ਸਮਝੋ ਭਾਵ ਨੀਚ ਦੀ ਪ੍ਰੀਤੀ ਤੇ ਭਲੇ ਦਾ ਵੈਰ ਵਿਰੋਧ ਛਿਣ ਭਰ ਭੀ ਨਹੀਂ ਟਿਕੇ ਰਹਿ ਸਕ੍ਯਾ ਕਰਦੇ।

ਥੋਹਰਿ ਉਖਾਰੀ ਉਪਕਾਰੀ ਅਉ ਬਿਕਾਰੀ ਸਹਜਿ ਸੁਭਾਵ ਸਾਧ ਅਧਮ ਉਪਾਧ ਕੋ ।

ਫੇਰ ਜੀਕੂੰ ਥੋਹਰ ਤੇ ਉਖਾਰੀ ਗੰਨਾ ਉਹ ਬਿਕਾਰੀ ਦੁਖ ਦੇਣ ਵਿਗਾੜ ਕਰਨ ਵਾਲੀ ਅਤੇ ਇਹ ਪਰਉਪਕਾਰੀ ਭਲਾ ਕਰਨ ਸੁਖ ਦੇਣ ਵਾਲਾ ਹੁੰਦਾ ਹੈ, ਤੀਕੂੰ ਹੀ ਅਧਮ ਉਪਾਧ ਕੋ ਸੁਭਾਵ ਨੀਚ ਦਾ ਸੁਭਾਵ ਉਪਾਧ ਦੰਗਾ ਖੜੇ ਕਰਨ ਦਾ ਹੁੰਦਾ ਹੈ, ਅਤੇ ਸਾਧ ਕੋ ਸਹਜਿ ਸੁਭਾਵ ਉਤਮ ਪੁਰਖ ਦਾ ਸਹਿਜ = ਸੁਖ ਦੇਣ ਹਾਰਾ ਵਾ ਸ਼ਾਂਤੀ ਵਾਲਾ ਸੁਭਾਵ ਹੁੰਦਾ ਹੈ।

ਗੁੰਜਾਫਲ ਮਾਨਕ ਸੰਸਾਰਿ ਤੁਲਾਧਾਰਿ ਬਿਖੈ ਤੋਲਿ ਕੈ ਸਮਾਨਿ ਮੋਲ ਅਲਪ ਅਗਾਧਿ ਕੋ ।੩੮੩।

ਸੰਸਾਰ ਅੰਦਰ ਰੱਤਕਾਂ ਦੇ ਬੂਟੇ ਦਾ ਫਲ ਰੱਤੀ, ਅਤੇ ਮਾਨਕ ਮਣੀਆਂ ਹੀਰੇ ਪੰਨੇ ਆਦਿ ਦੀ ਚੂਨੀ ਯਾ ਨਗੀਨਾ, ਤੁਲਾਧਾਰ ਤਥੜੀ ਵਿਖੇ ਇਕੋ ਜੇਹਾ ਤੋਲ ਤੁਲੀਂਦੇ ਹਨ ਪਰ ਮੋਲ ਕੋ ਮੁੱਲ ਦੀ ਖਾਤਰ ਰੱਤੀ ਅਲਪ = ਥੋੜੀ ਕੀਮਤ ਦੀ ਹੁੰਦੀ ਹੈ, ਅਰੁ ਮਾਨਕ ਅਗਾਧ ਬੇਸ਼ੁਮਾਰ ਅਸੰਖਾਂ ਦੇ ਮੁੱਲ ਵਾਲਾ ਹੁੰਦਾ ਹੈ ਐਸਾ ਹੀ ਸਾਧ ਅਸਾਧ ਸ਼ਕਲੋਂ ਸੂਰਤੋਂ ਇਕ ਸ੍ਰੀਖੇ ਦਿਸ੍ਯਾ ਭਾਸ੍ਯਾ ਕਰਦੇ ਹਨ ਕਿੰਤੂ ਜਿਸ ਵੇਲੇ ਸੰਗਤ ਮੇਲੇ ਦਾ ਵਾਹ ਪਿਆ ਕਰਦਾ ਹੈ ਤਾਂ ਓਨਾਂ ਦੇ ਹੀਲ ਪ੍ਯਾਜ਼ ਦੀਅਸਲੀਅਤ ਦਾ ਪਤਾ ਲਗ੍ਯਾ ਕਰਦਾ ਹੈ ॥੩੮੩॥