ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 573


ਪੂਰਨਿ ਸਰਦ ਸਸਿ ਸਕਲ ਸੰਸਾਰ ਕਹੈ ਮੇਰੇ ਜਾਨੇ ਬਰ ਬੈਸੰਤਰ ਕੀ ਊਕ ਹੈ ।

ਸਾਰਾ ਸੰਸਾਰ ਤਾਂ ਕਹਿੰਦਾ ਹੈ ਕਿ ਇਹ ਸਰਦ ਰੁੱਤ ਦਾ ਪੂਰਨ ਚੰਦ੍ਰਮਾ ਹੈ, ਪਰ ਮੇਰੇ ਭਾਣੇ ਇਹ ਅੱਗ ਦੇ ਵੱਡੇ ਚੁਆਤੇ ਦੇ ਬਰਾਬਰ ਹੈ।

ਅਗਨ ਅਗਨ ਤਨ ਮਧਯ ਚਿਨਗਾਰੀ ਛਾਡੈ ਬਿਰਹ ਉਸਾਸ ਮਾਨੋ ਫੰਨਗ ਕੀ ਫੂਕ ਹੈ ।

ਇਸ ਦੀ ਅੱਗ ਮੇਰੇ ਤਨ ਵਿਚ ਅਨਗਿਣਤ ਚਿੰਗਾੜੀਆਂ ਛਡ ਰਹੀ ਹੈ, ਮੇਰੇ ਵਿਛੋੜੇ ਦਾ ਹਉਕਾ ਮਾਨੋ ਫਨੀਅਰ ਸੰਪ ਦਾ ਫੁੰਕਾਰਾ ਹੈ।

ਪਰਸਤ ਪਾਵਕ ਪਖਾਨ ਫੂਟ ਟੂਟ ਜਾਤ ਛਾਤੀ ਅਤਿ ਬਰਜਨ ਹੋਇ ਦੋਇ ਟੂਕ ਹੈ ।

ਪੱਥਰ ਇਸ ਅੱਞ ਦੇ ਨਾਲ ਛੁੰਹਦਿਆਂ ਜਿਥੇ ਫੁਟ ਕੇ ਟੁਟ ਜਾਂਦੇ ਹਨ, ਉਥੇ ਮੇਰੀ ਛਾਤੀ ਦੀ ਕੀ ਪੇਸ ਜਾਣੀ ਹੋਈ ਉਹ ਤਾਂ ਬੜੀਆਂ ਰੋਕਾਂ ਭਾਵ ਉਪਾਵ ਕਰਦਿਆਂ ਵੀ ਦੋ ਟੋਟੇਹੋ ਰਹੀ ਹੈ।

ਪੀਯ ਕੇ ਸਿਧਾਰੇ ਭਾਰੀ ਜੀਵਨ ਮਰਨ ਭਏ ਜਨਮ ਲਜਾਯੋ ਪ੍ਰੇਮ ਨੇਮ ਚਿਤ ਚੂਕ ਹੈ ।੫੭੩।

ਪਿਆਰੇ ਦੇ ਚਲੇ ਜਾਣ ਨਾਲ ਜੀਉਣਾ ਮਰਨਾ ਦੋਵੇਂ ਔਖੇ ਹੋ ਗਏ ਹਨ, ਕਿਉਂਕਿ ਚਿਤ ਮੈਨੂੰ ਲਜਿਆਵਾਨ ਕਰ ਰਿਹਾ ਹੈ ਕਿ ਮੇਰੇ ਪ੍ਰੇਮ ਦਾ ਨੇਮ ਸਫਲ ਨਹੀਂ ਹੋਇਆ ॥੫੭੩॥