ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 282


ਗੁਰਮੁਖਿ ਸੁਖਫਲ ਕਾਮ ਨਿਹਕਾਮ ਕੀਨੇ ਗੁਰਮੁਖਿ ਉਦਮ ਨਿਰੁਦਮ ਉਕਤਿ ਹੈ ।

ਗੁਰਮੁਖਾਂ ਦੀ ਕਹਿਣੀ ਸੰਮਤੀ = ਸਿਧਾਂਤ ਦੀ ਗੱਲ ਇਹ ਹੈ ਕਿ ਪੁਰਖ ਨੂੰ ਗੁਰਮੁਖੀ ਗੁਰਮੁਖਾਂ ਵਾਲੇ ਸੁਖਫਲ ਆਨੰਦ ਦੀ ਪ੍ਰਾਪਤੀ ਤਦ ਹੋ ਸਕਦੀ ਹੈ, ਜਦ ਉਹ ਕਾਮਨਾ ਸੰਕਲਪਾਂ ਵਾ ਕਾਮ = ਕਾਮ੍ਯ ਕਰਮਾਂ ਸਕਾਮ ਕਰਮਾਂ ਵੱਲੋਂ ਨਿਸ਼ਕਾਮ ਨਿਸ਼ ਕਰਮ ਨਿਰਸੰਕਲਪ ਵਾ ਅਚਾਹ ਹੋ ਜਾਵੇ। ਅਰੁ ਐਸਾ ਹੀ ਉਦਮ ਕਰਦਿਆਂ ਸਮੂਹ ਕਾਰ ਵਿਹਾਰ ਵਿਖੇ ਵਰਤਦਿਆਂ ਜਦ ਅੰਤਰਯਾਮੀ ਦੀ ਪ੍ਰੇਰਣਾ ਅਧੀਨ ਹੀ ਮੂਲੋਂ ਵਰਤਨ ਹਾਰੀ ਕਠਪੁਤਲੀ ਸਾਰਖੇ ਅਪਣੇ ਆਪ ਨੂੰ ਨਿਰਉਦਮ ਸੰਸਾਰੀ ਪ੍ਰਵਿਰਤੀਆਂ ਤੋਂ ਨਿਰ ਉਤਸ਼ਾਹ ਬਣਾ ਲਵੇ।

ਗੁਰਮੁਖਿ ਮਾਰਗ ਹੁਇ ਦੁਬਿਧਾ ਭਰਮ ਖੋਏ ਚਰਨ ਸਰਨਿ ਗਹੇ ਨਿਹਚਲ ਮਤਿ ਹੈ ।

ਸਾਥ ਹੀ ਗੁਰਮੁਖੀ ਮਾਰਗ ਪੰਥ ਵਿਖੇ ਸ਼ਾਮਲ ਹੋ ਕੇ ਪ੍ਰਵੇਸ਼ ਪਾ ਕੇ ਜਦ ਮਨੁੱਖ ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਓਟ ਗ੍ਰਹਿਣ ਕਰਦਾ ਹੈ ਤਾਂ ਮਤਿ ਅੰਤਾਕਰਣ ਦੀ ਭਟਕਨਹਾਰੀ ਬਿਰਤੀ ਨਿਹਚਲ। ਇਕਾਗਰ ਹੋਈ ਅਡੋਲ ਵਾ ਨਿਚੱਲੀ ਬਣ ਕੇ ਅਮੁਕਾ ਕਾਰਯ ਕਰਣੇ ਜੋਗ ਹੈ ਤੇ ਅਮੁਕਾ ਕਾਰਯ ਮੇਰੇ ਲਈ ਅਕਰਣੇ ਜੋਗ ਹੈ ਐਸੀ ਬਿਧੀ ਨਿਖੇਧ ਰੂਪ ਦੁਬਿਧਾ ਭਾਵੀ ਭਰਮ ਨੂੰ ਦੂਰ ਕਰ ਦਿੰਦਾ ਹੈ।

ਦਰਸਨ ਪਰਸਤ ਆਸਾ ਮਨਸਾ ਥਕਿਤ ਸਬਦ ਸੁਰਤਿ ਗਿਆਨ ਪ੍ਰਾਨ ਪ੍ਰਾਨਪਤਿ ਹੈ ।

ਕ੍ਯੋਂਕਿ ਗੁਰੂ ਮਹਾਰਾਜ ਦਾ ਦਰਸਨ ਪਰਸਨ ਮਾਤ੍ਰ ਤੇ ਭਾਵ ਦਰਸ਼ਨ ਹੁੰਦੇ ਸਾਰ ਹੀ ਆਸਾਂ ਸੰਸਾਰੀ ਫਲਾਂ ਦੀਆਂ ਉਮੰਗਾਂ ਉਮੇਦਾਂ ਤਥਾ ਮਨਸਾ ਮਨੋਰਥ ਮਨ ਦੀਆਂ ਮੁਰਾਦਾਂ ਆਪ ਤੇ ਆਪ ਹੀ ਫੁਰਣੋਂ ਹੁੱਟ ਜਾਂਦੀਆਂ ਹਨ ਅਤੇ ਸ਼ਬਦ ਉਪਦੇਸ਼ ਵਾ ਬਚਨ ਬਿਲਾਸ ਸੁਣਦੇ ਸਾਰ ਪ੍ਰਾਣਾਂ ਦੇ ਪ੍ਰਾਣ ਪਤਿ ਰੂਹਾਂ ਦੀ ਰੂਹ ਵਾ ਜਾਨਾਂ ਦੀ ਜਾਨ ਜੀਵਾਂ ਦੇ ਜੀਵਨ ਦਾਤੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਔਂਦਾ ਹੈ।

ਰਚਨਾ ਚਰਿਤ੍ਰ ਚਿਤ੍ਰ ਬਿਸਮ ਬਚਿਤ੍ਰਪਨ ਚਿਤ੍ਰ ਮੈ ਚਿਤੇਰ੍ਰਾ ਕੋ ਬਸੇਰਾ ਸਤਿ ਸਤਿ ਹੈ ।੨੮੨।

ਜਿਸ ਗਿਆਨ ਦੇ ਪ੍ਰਭਾਵ ਕਰ ਕੇ ਰਚਨਾ ਦੇ ਚਲਿਤ੍ਰ ਦਾ ਇਹ ਪ੍ਰਤੱਖ ਚਿਤ੍ਰ ਖਿੱਚਿਆ ਹੋਇਆ ਅਪਣੇ ਬਚਿਤ੍ਰ ਪੁਣੇ ਹਰਾਨ ਕਰਨਹਾਰੇ ਸੁਭਾਵ ਵਿਖੇ ਸਚਮੁਚ ਚਿਤੇਰੇ ਰਚਨ ਹਾਰੇ ਦਾ ਹੀ ਨਿਵਾਸ ਬਸੇਰਾ ਜਲਵਾ = ਦੀਦਾਰ ਤਕਿਆ ਕਰਦਾ ਹੈ ॥੨੮੨॥