ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 319


ਦੀਪਕ ਪਤੰਗ ਦਿਬਿ ਦ੍ਰਿਸਟਿ ਦਰਸ ਹੀਨ ਸ੍ਰੀ ਗੁਰ ਦਰਸ ਧਿਆਨ ਤ੍ਰਿਭਵਨ ਗੰਮਿਤਾ ।

ਦੀਵੇ ਦੇ ਪ੍ਰਗਾਸ ਤੋਂ ਪਤੰਗੇ ਨੂੰ ਦਿਬ੍ਯ ਦ੍ਰਿਸ਼ਟੀ = ਸੁਖ ਸਰੂਪ ਤੱਕਨ ਹਾਰੀ ਨਿਗ੍ਹਾ ਅੰਤਰ ਦ੍ਰਿਸ਼ਟੀ ਦੀ ਪ੍ਰਾਪਤੀ ਤਾਂ ਕੀਹ ਓਸ ਦੇ ਦਰਸ਼ਨ ਤੋਂ ਭੀ ਵੰਜ੍ਯਾ ਰਹਿੰਦਾ ਹੈ ਭਾਵ, ਝਲਕਾ ਮਾਤ੍ਰ ਤੇ ਭੀ ਓਸ ਦ੍ਰਿਸ਼ਟੀ ਦੀ ਝਾਕੀ ਨੂੰ ਨਹੀਂ ਪ੍ਰਾਪਤ ਕਰ ਸਕਦਾ। ਅਥਵਾ ਸਾਖ੍ਯਾਤ ਦੀਵੇ ਦੇ ਦਰਸ਼ਨ ਤੋਂ ਭੀ ਹੀਣਾ ਵਿਰਵਾ ਰਹਿੰਦਾ ਹੈ ਕ੍ਯੋਂਕਿ ਸਾਮ੍ਹਨੇ ਔਂਦੇ ਸਾਰ ਹੀ ਸੜ ਮਰਦਾ ਹੈ ਪਰ ਸਤਿਗੁਰਾਂ ਦੇ ਦਰਸ਼ਨ ਤੋਂ ਪੁਰਖ ਨੂੰ ਧਿਆਨ ਦ੍ਵਾਰੇ ਐਵੇਂ ਹੀ ਅੰਦਰ ਦ੍ਰਿਸ਼ਟੀ ਨੂੰ ਮੋੜਨ ਮਾਤ੍ਰ ਤੇ ਤ੍ਰਿਲੋਕੀ ਭਰ ਦੇ ਗਿਆਨ ਦੀ ਗੰਮਤਾ ਪ੍ਰਾਪਤੀ ਹੋ ਆਯਾ ਕਰਦੀ ਹੈ।

ਬਾਸਨਾ ਕਮਲ ਅਲਿ ਭ੍ਰਮਤ ਨ ਰਾਖਿ ਸਕੈ ਚਰਨ ਸਰਨਿ ਗੁਰ ਅਨਤ ਨ ਰੰਮਿਤਾ ।

ਕੌਲ ਫੁੱਲ ਦੀ ਸੁਗੰਧੀ ਭੌਰੇ ਨੂੰ ਭੌਣੋਂ ਭਟਕਨੋਂ ਨਹੀਂ ਬਚਾ ਸਕਦੀ ਅਰਥਾਤ ਓਸ ਨੂੰ ਐਸਾ ਸੰਤੋਖ ਨਹੀਂ ਦੇ ਸਕਦੀ, ਕਿ ਓਸ ਕੌਲ ਫੁਲ ਨੂੰ ਛੱਡ ਕੇ ਦੂਏ ਫੁੱਲ ਉਪਰ ਉਹ ਮੁੜ ਨਾ ਜਾਵੇ, ਪਰ ਸਤਿਗੁਰਾਂ ਦੀ ਚਰਣ ਸਰਣ ਔਣ ਮਾਤ੍ਰ ਤੇ ਹੀ ਗੁਰਮੁਖ ਮੁੜ ਅਨਤ ਹੋਰਦਿਰੇ, ਨ ਰੰਮਿਤਾ ਨਹੀਂ ਚੱਲ ਕੇ ਜਾਯਾ ਕਰਦਾ ਭਾਵ ਓਸ ਦੀ ਨਿਗ੍ਹਾ ਵਿਚੋਂ ਹੋਰ ਕੋਈ ਵਰੋਸਾਵਾ ਦਿੱਸਨਾ ਉਠ ਜਾਯਾ ਕਰਦਾ ਹੈ।

ਮੀਨ ਜਲ ਪ੍ਰੇਮ ਨੇਮ ਅੰਤਿ ਨ ਸਹਾਈ ਹੋਤ ਗੁਰ ਸੁਖ ਸਾਗਰ ਹੈ ਇਤ ਉਤ ਸੰਮਿਤਾ ।

ਮੱਛੀ ਜਲ ਦੇ ਪ੍ਰੇਮ ਦੇ ਨੇਮ ਵਿਚ ਜੀਉਂਦੇ ਜੀ ਬੱਝੀ ਰਹਿੰਦੀ ਹੈ, ਪਰ ਓੜਕ ਸਿਰ ਜਲ ਓਸ ਦਾ ਮੱਦਤੀ ਨਹੀਂ ਬਣਿਆ ਕਰਦਾ, ਪ੍ਰੰਤੂ ਸਿੱਖ ਦੇ ਪ੍ਰੇਮ ਦਾ ਅਸਥਾਨ ਸਤਗੁਰੂ ਐਸੇ ਸਾਗਰ ਅਥਾਹ ਅਨੰਤ ਰੂਪ ਹਨ, ਕਿ ਇਤ ਏਸ ਲੋਕ ਵਿਚ ਜੀਉਂਦੇ ਜੀ ਤੇ ਉਤ ਸਰੀਰ ਤ੍ਯਾਗ੍ਯਾਂ ਪਰਲੋਕ ਵਿਖੇ ਇਕ ਸਮਾਨ ਹੀ ਸਿੱਖ ਦੀ ਸਹੈਤਾ ਕਰਦੇ ਰਹਿੰਦੇ ਹਨ।

ਏਕ ਏਕ ਟੇਕ ਸੇ ਟਰਤ ਨ ਮਰਤ ਸਬੈ ਸ੍ਰੀ ਗੁਰ ਸ੍ਰਬੰਗੀ ਸੰਗੀ ਮਹਾਤਮ ਅੰਮ੍ਰਿਤਾ ।੩੧੯।

ਪਤੰਗਾ, ਭੌਰਾ, ਮੱਛੀ ਆਦਿ ਸਾਰੇ ਇਕ ਇਕ ਟੇਕ ਅਪਣੇ ਅੰਦਰ ਧਾਰ ਕੇ ਓਸ ਵੱਲੋਂ ਨਹੀਂ ਟਲਦੇ ਤੇ ਓੜਕ ਨੂੰ ਮਰ ਜਾਂਦੇ ਮੌਤ ਤੋਂ ਨਹੀਂ ਬਚ ਸਕ੍ਯਾ ਕਰਦੇ ਹਨ। ਪਰ ਸਤਿਗੁਰੂ ਐਸੇ ਸਰਬੰਗੀ ਸਰਬ ਸਰੂਪੀ ਹਨ ਕਿ ਇਨ੍ਹਾਂ ਦਾ ਮਹਾਤਮ ਅਪਣੇ ਸੰਗੀਆਂ ਨੂੰ ਅੰਮ੍ਰਿਤਾ ਅ+ਮਰਤਾ ਅਬਿਨਾਸੀ ਪਦ ਮੌਤ ਤੋਂ ਰਹਤ ਸਤ੍ਯ ਪਦਵੀ ਦੀ ਪ੍ਰਾਪਤੀ ਕਰਣ ਹਾਰਾ ਹੈ ॥੩੧੯॥


Flag Counter