ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 379


ਜੈਸੇ ਤਉ ਕਰਤ ਸੁਤ ਅਨਿਕ ਇਆਨਪਨ ਤਊ ਨ ਜਨਨੀ ਅਤੁਗਨ ਉਰਿ ਧਾਰਿਓ ਹੈ ।

ਜਿਸ ਪ੍ਰਕਾਰ ਫੇਰ ਪੁਤ੍ਰ ਅਨੇਕਾਂ ਹੀ ਮੂਰਖਤਾਈਆਂ ਕਰਦਾ ਹੈ, ਮਾਂ ਤਦ ਭੀ ਓਸ ਦਿਆਂ ਔਗੁਣਾਂ ਨੂੰ ਦਿਲ ਵਿਚ ਨਹੀਂ ਲਿਆਇਆ ਕਰਦੀ।

ਜੈਸੇ ਤਉ ਸਰਨਿ ਸੂਰਿ ਪੂਰਨ ਪਰਤਗਿਆ ਰਾਖੈ ਅਨਿਕ ਅਵਗਿਆ ਕੀਏ ਮਾਰਿ ਨ ਬਿਡਾਰਿਓ ਹੈ ।

ਜਿਸ ਤਰ੍ਹਾਂ ਤਉ ਐਸੇ ਹੀ ਸੂਰਮਾ ਕਿਸੇ ਨੂੰ ਸਰਨਿ ਸਹਾਰਾ ਦੇਣ ਦੀ ਪ੍ਰਤਿਗ੍ਯਾ ਪੂਰੀ ਪੂਰੀ ਪਾਲਦਾ ਹੈ, ਤੇ ਜੇਕਰ ਸਰਣਾਗਤ ਅਨੇਕਾਂ ਅਪ੍ਰਾਧ ਭੀ ਕਰੇ ਤਾਂ ਭੀ ਮਾਰ ਨਹੀਂ ਸਿੱਟਦਾ ਭਾਵ, ਸਭ ਤਰ੍ਹਾਂ ਦੀ ਛਿਮਾ ਧਾਰਦਾ ਰਹਿੰਦਾ ਹੈ, ਤੇ ਓਟ ਬਣ੍ਯਾ ਰਹਿੰਦਾ ਹੈ।

ਜੈਸੇ ਤਉ ਸਰਿਤਾ ਜਲੁ ਕਾਸਟਹਿ ਨ ਬੋਰਤ ਕਰਤ ਚਿਤ ਲਾਜ ਅਪਨੋਈ ਪ੍ਰਤਿਪਾਰਿਓ ਹੈ ।

ਜਿਸ ਤਰ੍ਹਾਂ ਫੇਰ ਨਦੀ ਦਾ ਜਲ ਪ੍ਰਵਾਹ ਕਾਠ, ਨੂੰ ਨਹੀਂ ਡੋਬਦਾ ਤੇ ਅਪਣੇ ਚਿੱਤ ਵਿਚ ਇਸ ਗੱਲ ਦੀ ਲਾਜ ਕਰਦਾ ਹੈ, ਕਿ ਇਹ ਕਾਠ ਉਸ ਦਾ ਅਪਣਾ ਹੀ ਭਲੀ ਪ੍ਰਕਾਰ ਪਾਲਿਆ ਹੋਯਾ ਹੈ।

ਤੈਸੇ ਹੀ ਪਰਮ ਗੁਰ ਪਾਰਸ ਪਰਸ ਗਤਿ ਸਿਖਨ ਕੋ ਕਿਰਤੁ ਕਰਮੁ ਕਛੂ ਨਾ ਬਿਚਾਰਿਓ ਹੈ ।੩੭੯।

ਤਿਸੀ ਪ੍ਰਕਾਰ ਹੀ ਪਰਮ ਗੁਰ ਸਤਿਗੁਰੂ ਵਾ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦਾ ਬਿਰਦ ਭੀ ਪਾਰਸ ਦੇ ਪਰਸਨ ਸਮਾਨ ਇਕ ਸਾਖਾ ਹੀ ਉਦਾਰ ਹੈ ਸਿੱਖਾਂ ਦੇ ਕੰਮਾਂ ਕਰਤੂਤਾਂ ਦੀ ਕੁਛ ਪ੍ਰਵਾਹ ਹੀ ਨਹੀਂ ਕਰਦਾ। ਭਾਵ ਜਿਸ ਤਰ੍ਹਾਂ ਪਾਰਸ ਛੋਟੀ ਮੋਟੀ ਵਿੰਗੀ ਸਿੱਧੀ ਮੈਲੀ ਸ੍ਵੱਛ ਆਦਿ ਸਭ ਦਸ਼ਾ ਵਿਚ ਸਮੀਪ ਆਈ ਸਰਬੱਤ੍ਰ ਧਾਤੂ ਨੂੰ ਹੀ ਸਪਰਸ਼ ਕਰ ਕੇ ਸੋਨਾ ਬਣਾ ਦਿੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਭੀ ਕਰਮ ਅਕਰਮ ਆਦਿ ਦਾ ਵੀਚਾਰ ਨਾ ਕਰ ਕੇ ਸਿਖਾਂ ਸਰਣਾਗਤਾਂ ਦਾ ਅਵਸ਼੍ਯ ਨਿਸਤਾਰਾ ਕਰ ਦਿਆ ਕਰਦੇ ਹਨ ॥੩੭੯॥