ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 68


ਚਰਨ ਕਮਲ ਮਕਰੰਦ ਰਸ ਲੁਭਿਤ ਹੁਇ ਨਿਜ ਘਰ ਸਹਜ ਸਮਾਧਿ ਲਿਵ ਲਾਗੀ ਹੈ ।

ਸੋ ਜਿਹੜੇ ਕੋਈ ਸਤਿਗੁਰਾਂ ਦੇ ਚਰਨ ਕਮਲਾਂ ਦੀ ਮਕਰੰਦ ਰਸ ਧੂਲੀ ਦੇ ਲੁਭਿਤ ਪ੍ਰੇਮੀ ਬਣੇ ਹਨ ਉਾਂ ਦੀ ਹੀ ਨਿਜ ਘਰ ਆਤਮ ਪਦ ਵਿਖੇ ਸਹਜ ਸਮਾਧੀ ਸੁਭਾਵਿਕੀ ਇਸਥਿਤੀ ਰੂਪ ਲਿਵ ਲੱਗੀ ਹੈ।

ਚਰਨ ਕਮਲ ਮਕਰੰਦ ਰਸ ਲੁਭਿਤ ਹੁਇ ਗੁਰਮਤਿ ਰਿਦੈ ਜਗਮਗ ਜੋਤਿ ਜਾਗੀ ਹੈ ।

ਜਿਹੜੇ ਸਤਿਗੁਰਾਂ ਦੇ ਚਰਨ ਕਮਲਾਂ ਦੀ ਧੂਲੀ ਲਈ ਲੁਭਤ ਲੁਭਾਯਮਾਨ ਸਿੱਕਵੰਦ ਹੁੰਦੇ ਹਨ, ਉਨ੍ਹਾਂ ਦੇ ਹੀ ਹਿਰਦੇ ਵਿਖੇ ਗੁਰਮਤਿ ਸਤਿਗੁਰਾਂ ਦੀ ਸਿਖ੍ਯਾ ਗੁਰੂ ਮੰਤ੍ਰ ਟਿਕਣ ਕਰ ਕੇ ਜੋਤਿ ਆਤਮ ਸਾਖ੍ਯਾਤਕਾਰਿਤਾ ਦਾ ਪ੍ਰਕਾਸ਼ ਜਗ ਮਗ ਜਗ ਮਗ ਜਾਗਿਆ ਕਰਦਾ ਹੈ।

ਚਰਨ ਕਮਲ ਮਕਰੰਦ ਰਸ ਲੁਭਿਤ ਹੁਇ ਅੰਮ੍ਰਿਤ ਨਿਧਾਨ ਪਾਨ ਦੁਰਮਤਿ ਭਾਗੀ ਹੈ ।

ਸਤਿਗੁਰਾਂ ਦੇ ਚਰਨ ਕਮਲਾਂ ਦੀ ਮਕਰੰਦ ਰਸ ਉਪਰ ਲੱਟੂ ਹੋਏ ਹਨ ਇਞੇਂ ਹੀ ਜਿਹੜੇ ਗੁਰਮੁਖ ਅੰਮ੍ਰਿਤ ਦੇ ਭੰਡਾਰੇ ਵਿਚੋਂ ਅੰਮ੍ਰਿਤ ਪਾਨ ਪੀ ਕਰ ਕੇ ਛਕ ਕਰ ਕੇ ਓਨਾਂ ਦੀ ਹੀ ਦੁਰਮਤਿ ਬੁਧੀ ਦ੍ਵੈਤ ਬੁਧੀ ਦੁਸ਼ਟ ਮਤਿ ਭਾਗੀ ਨੱਠੀ ਨਸ਼ਟ ਹੋਈ ਹੈ।

ਚਰਨ ਕਮਲ ਮਕਰੰਦ ਰਸ ਲੁਭਿਤ ਹੁਇ ਮਾਇਆ ਮੈ ਉਦਾਸ ਬਾਸ ਬਿਰਲੋ ਬੈਰਾਗੀ ਹੈ ।੬੮।

ਸਿਧਾਂਤ ਕੀਹ ਕਿ ਇਸੀ ਪ੍ਰਕਾਰ ਜਿਹੜੇ ਮਨੁੱਖ ਸਤਿਗੁਰਾਂ ਦੇ ਚਰਨ ਕਮਲਾਂ ਦੀ ਮਕਰੰਦ ਰਸ ਦੇ ਪ੍ਰੇਮੀ ਬਣੇ ਹਨ, ਓਹੋ ਹੀ ਬਿਰਲੇ ਪੁਰਖ ਬੈਰਾਗਵਾਨ ਹੋ ਕੇ ਮਾਇਆ ਸੰਸਾਰ ਵਿਖੇ ਉਦਾਸ ਉਪ੍ਰਾਮ ਹੋ ਕੇ ਬਾਸ ਕਰਨ ਵਾਲੇ ਅਸਲ ਜਿੰਦਗੀ ਗੁਜਾਰਨ ਵਾਲੇ ਬਣੇ ਹਨ ॥੬੮॥