ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 206


ਦੇਖਬੇ ਕਉ ਦ੍ਰਿਸਟਿ ਨ ਦਰਸ ਦਿਖਾਇਬੇ ਕਉ ਕੈਸੇ ਪ੍ਰਿਅ ਦਰਸਨੁ ਦੇਖੀਐ ਦਿਖਾਈਐ ।

ਦੇਖਬੇ ਕਉ ਦਰਸ਼ਨ ਦੇ ਵਾਸਤੇ ਦ੍ਰਿਸਟਿ ਯੋਗ੍ਯ ਅੱਖੀ ਨਹੀਂ ਹੈ ਕ੍ਯੋਂਕਿ ਨਾਨਕ ਸੇ ਅਖੜੀਅ ਬਿਅੰਨ ਵਖਰੀਆਂ ਹੀ ਹਨ ਤੇ ਨਾ ਉਹ ਦਰਸ਼ਨ ਦਿਖਾਲਨ ਜੋਗਾ ਹੀ ਹੈ, ਐਸੀ ਹਾਲਤ ਵਿਚੋਂ ਭਲਾ ਕਿਸ ਤਰ੍ਹਾਂ ਕੋਈ ਪ੍ਯਾਰੇ ਪ੍ਰੀਤਮ ਦੇ ਦਰਸ਼ਨਾਂ ਨੂੰ ਦੇਖਨ ਅਤੇ ਦਿਖਾਲਨ ਦਾ ਜਤਨ ਕਰੇ। ਅਥਵਾ ਦੇਖਬੇ ਦੇਖਣ ਵਾਲੇ ਨੂੰ ਤਾਂ ਐਹੋ ਜੇਹੀ ਨਿਗ੍ਹਾ ਨਹੀਂ ਅਤੇ ਉਹ ਦਰਸ਼ਨ ਐਉਂ ਕਰ ਕੇ ਦਿਖਾਲਨ ਜੋਗ ਭੀ ਨਹੀਂ ਕਿਸ ਤਰ੍ਹਾਂ ਪ੍ਯਾਰੇ ਦੇ ਦਰਸ਼ਨ ਨੂੰ ਦੇਖਿਆ ਦਿਖਾਯਾ ਜਾ ਸਕੇ।

ਕਹਿਬੇ ਕਉ ਸੁਰਤਿ ਹੈ ਨ ਸ੍ਰਵਨ ਸੁਨਬੇ ਕਉ ਕੈਸੇ ਗੁਨਨਿਧਿ ਗੁਨ ਸੁਨੀਐ ਸੁਨਾਈਐ ।

ਜਦ ਕਿ ਉਕਤ ਦਰਸ਼ਨ ਸਮੇਂ ਸੱਤੇ ਸੁਧਾਂ ਭੁੱਲੀਆਂ ਹੁੰਦੀਆਂ ਹਨ ਤਦ ਸਪਸ਼ਟ ਹੈ ਕਿ ਓਸ ਬਾਬਤ ਕੁਛ ਕਹਿਣ ਵਾਸਤੇ ਸੁਰਤਿ ਸੋਝੀ ਸੂਝ ਕਿਸੇ ਨੂੰ ਨਹੀਂ ਅਥਵਾ ਜਦ ਕਹਿਬੇ ਕਹਿਣ ਵਾਲੀ ਰਸਨਾ ਨੂੰ ਓਸ ਪ੍ਯਾਰੇ ਦੇ ਮਨ ਬਾਣੀ ਆਦਿ ਇੰਦ੍ਰੀਆਂ ਤੋਂ ਪਰੇ ਹੋਣ ਕਰ ਕੇ ਓਸ ਦੇ ਸੁਨਣ ਸਮਝਨ ਦੀ ਗੰਮਤਾ ਹੀ ਨਹੀਂ, ਤਾਂ ਫੇਰ ਉਹ ਕੀਕੂੰ ਗੁਣਾਂ ਨੂੰ ਸੁਣਾ ਸੁਣਾ ਸਕੇ। ਅਥਵਾ ਸੁਰਤਿ ਕਹਿਣ ਵਾਸਤੇ ਸਮਰੱਥ ਨਹੀਂ ਅਰੁ ਐਸਾ ਹੀ ਸੁਨਬੇ ਕਉ ਸੁਨਣ ਵਾਸਤੇ ਉਸ ਦੇ ਅਨਹਦ ਸ਼ਬਦ ਦੇ ਇਹ ਸਧਾਰਣ ਕੰਨ ਸਮਰੱਥ ਨਹੀਂ ਹਨ, ਤਦ ਕਿਸ ਪ੍ਰਕਾਰ ਓਸ ਗੁਣਾਂ ਦੇ ਨਿਧ ਭੰਡਾਰ ਵਾ ਸਾਗਰ ਦੇ ਗੁਣਾਂ ਨੂੰ ਸੁਣ ਸਕੀਏ ਯਾ ਸੁਣਾ ਸਕੀਏ।

ਮਨ ਮੈ ਨ ਗੁਰਮਤਿ ਗੁਰਮਤਿ ਮੈ ਨ ਮਨ ਨਿਹਚਲ ਹੁਇ ਨ ਉਨਮਨ ਲਿਵ ਲਾਈਐ ।

ਗੁਰਮਤਿ ਸ਼ਬਦ ਸਿਧਾਂਤ ਵਾ ਗੁਰਉਪਦੇਸ਼ ਦੇ ਮਨਨ ਕਮਾਨ ਤੋਂ ਪ੍ਰਾਪਤ ਹੋਣ ਹਾਰੀ ਅਨੁਭਵ ਰੂਪ ਸਿੱਧੀ ਹੈ, ਉਹ ਮਨ ਵਿਚ ਨਹੀਂ ਆ ਸਕਦੀ ਕ੍ਯੋਂਕਿ ਰਸਨਾ ਕੰਨ ਆਦਿ ਇੰਦ੍ਰੀਆਂ ਤੋਂ ਅਗੰਮ ਹੋਣ ਵਤ ਉਹ ਮਨ ਤੋਂ ਭੀ ਅੋਚਰ ਪਦਵੀ ਹੈ ਅਰੁ ਜਿਥੇ ਇਸ ਅਗੋਚਰ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਉਥੇ ਮਨ ਨਹੀਂ ਰਿਹਾ ਕਰਦਾ ਭਾਵ ਜਦ ਤਕ ਮਨ ਹੁੰਦਾ ਹੈ ਤਦ ਤਕ ਸੰਕਲਪ ਵਿਕਲਪ ਆਦਿ ਦੀ ਭਰਮਾਰ ਕਾਰਣ ਉਥੇ ਗੁਰਮਤਿ ਨਹੀਂ ਆ ਸਕਦੀ ਤੇ ਜਦ ਗੁਰਮਤ ਆ ਜਾਂਦੀ ਹੈ ਉਥੇ ਮਨ ਬਿਲਾਯ ਜਾਂਦਾ ਹੈ। ਇਸ ਵਾਸਤੇ ਐਸੀ ਦਸ਼ਾ ਵਿਖੇ ਮਨ ਨਿਚੱਲਾ ਹੋ ਕੇ ਉਨਮਨੀ ਭਾਵ ਵਿਚ ਨਹੀਂ ਲਿਵ ਲਗੌਂਦਾ ਅਰਥਾਤ ਲਿਵ ਲੌਣ ਦੀ ਇਸ ਦਸ਼ਾ ਵਿਚ ਕੋਈ ਲੋੜ ਹੀ ਨਹੀਂ ਰਹਿਦੀ ਕ੍ਯੋਂਕਿ ਮਨ ਦੀ ਅਫੁਰਤਾ ਅਤੇ ਲਿਵ ਸੁਤੇ ਹੀ ਏਸ ਦਸ਼ਾ ਵਿਚ ਲੀਨ ਹੁੰਦੀਆਂ ਹਨ।

ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ ਕੈਸੇ ਬਹੁਨਾਇਕ ਕੀ ਨਾਇਕਾ ਕਹਾਈਐ ।੨੦੬।

ਗੱਲ ਕੀਹ ਕਿ ਇਸ ਦਸ਼ਾ ਵਿਚ ਅੰਗਾਂ ਇੰਦ੍ਰੀਆਂ ਦੇ ਤਾਂ ਇਸ ਪ੍ਰਕਾਰ ਅੰਗ ਭੰਗ ਹੋਏ ਹੁੰਦੇ ਹਨ, ਅਰੁ ਰੰਗ ਰੂਪ ਦੇਹ ਸੰਘਾਤ ਭੀ ਅਥਵਾ ਹੋਰ ਚੱਜ ਆਚਾਰ ਰੂਪ ਵਾਲੀ ਜੋਗਤਾ ਭੀ ਭੰਗ ਹੋਈ ਹੋਈ, ਭਾਵ ਵਿਸਿੰਮ੍ਰਤੀ ਦੇ ਮਾਰਗ ਨੂੰ ਸਿਧਾਰੀ ਹੋਈ ਹੁੰਦੀ ਹੈ, ਤਥਾ ਕੁਲ ਹੀਨ ਕੁਲ ਗੋਤ੍ਰ ਦਾ ਅਭਿਮਾਨ ਵਾ ਸੰਪ੍ਰਦਾਯਕ ਅਧ੍ਯਾਸ ਤੋਂ ਭੀ ਰਹਿਤ ਹੋਏ ਹੋਈਦਾ ਹੈ, ਅਤੇ ਅਤ੍ਯੰਤ ਨਿੰਮ੍ਰਤਾ ਭਾਵੀ ਨਿਰਮਾਨ ਅਤਿਸੈਂ ਕਰ ਕੇ ਹੌਲੀ ਫੁੱਲ ਕੋਮਲ ਉਹ ਦੀਨ ਅਵਸਥਾ ਹੁੰਦੀ ਹੈ ਜਿਸ ਨੂੰ ਕਿਸੇ ਪ੍ਰਕਾਰ ਭੀ ਵਰਨਣ ਨਹੀਂ ਕੀਤਾ ਜਾ ਸਕਦਾ, ਤਾਂ ਭਲਾ ਬਹੁਨਾਇਕ ਠਾਕਰ ਸ਼੍ਰਿਸ਼ਟੀ ਨਾਥ ਦੀ ਨਾਇਕਾ ਸ੍ਵਾਮਿਨੀ ਭੀ ਕਿਸ ਪ੍ਰਕਾਰ ਆਖੀ ਜਾ ਸਕੇ। ਭਾਵ ਬਿਰਹੇ ਦੀ ਤਾਰ ਵਿਚ ਮਗਨਾਨੇ ਪੁਰਖ ਨੂੰ ਜੋ ਅਨਭਉ ਹੁੰਦਾ ਹੈ ਓਸ ਨੂੰ ਕਿਸੇ ਪ੍ਰਕਾਰ ਭੀ ਵਰਨਣ ਨਹੀਂ ਕੀਤਾ ਜਾ ਸਕਦਾ ॥੨੦੬॥