ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 18


ਦਰਸ ਧਿਆਨ ਦਿਬਿ ਦ੍ਰਿਸਟਿ ਪ੍ਰਗਾਸ ਭਈ ਕਰੁਨਾ ਕਟਾਛ ਦਿਬਿ ਦੇਹ ਪਰਵਾਨ ਹੈ ।

ਦਰਸ਼ਨ ਦੇ ਧਿਆਨ ਕਰ ਕੇ ਇਕ ਟਕ ਅੰਤਰ ਮੁਖ ਸਤਿਗੁਰਾਂ ਦੇ ਦਰਸ਼ਨ ਤੱਕਦਿਆਂ ਤੱਕਦਿਆਂ ਦਿੱਬ ਦ੍ਰਿਸ਼ਟੀ = ਸ੍ਵੱਛ ਦ੍ਰਿਸ਼ਟੀ = ਪਰਮੇਸ਼੍ਵਰ ਪ੍ਰਾਇਣੀ ਨਿਗ੍ਹਾ = ਮੋਖ ਦੀ ਸਾਧਨ ਰੂਪ ਨੇਤ੍ਰ ਸ਼ਕਤੀ ਦਾ ਪ੍ਰਕਾਸ਼ ਸਾਖ੍ਯਾਤ ਹੋ ਆਇਆ ਕਰਦਾ ਹੈ। ਅਰੁ ਇਸ ਕਰ ਕੇ ਕਰੁਣਾ ਕਿਰਪਾ ਭਰੇ ਕਟਾਛ ਨੇਤ੍ਰ ਦੇ ਭਾਵ ਅਰਥਾਤ ਸਤਿਗੁਰਾਂ ਦੀ ਕਿਰਪਾ ਭਰੀ ਨਦਰੀ ਨਦਰ ਨਿਹਾਲ ਕਰਣ ਹਾਰੀ ਨਿਗ੍ਹਾ ਦੀ ਤੱਕਨ ਪ੍ਰਾਪਤ ਹੋ ਜਾਂਦੀ ਹੈ ਜਿਸ ਪ੍ਰਸੰਨਤਾ ਦੇ ਪ੍ਰਭਾਵ ਕਰ ਕੇ ਗੁਰਸਿੱਖ ਦੀ ਦੇਹ ਦਿੱਬ ਰੱਬੀ ਦਮਕ ਵਾਲੀ ਸਦਾ ਨਵੀਂ ਨਰੋਈ ਤੇ ਲੇਖੇ ਪਈ ਪ੍ਰਵਾਨ ਸਮਝੀ ਜਾਂਦੀ ਹੈ।

ਸਬਦ ਸੁਰਤਿ ਲਿਵ ਬਜਰ ਕਪਾਟ ਖੁਲੇ ਪ੍ਰੇਮ ਰਸ ਰਸਨਾ ਕੈ ਅੰਮ੍ਰਿਤ ਨਿਧਾਨ ਹੈ ।

ਸ਼ਬਦ ਅੰਤਰੀਵੀ ਅਨਹਦ ਧੁਨੀ ਸੁਨਣ ਵਿਖੇ ਲਿਵ ਲਗਾਇਆਂ, ਵਾ ਸ਼ਬਦ ਅਭਿਆਸ ਵਿਖੇ ਸੁਰਤ ਦੀ ਲਿਵ ਤਾਰ ਲਗਾਇਆਂ ਅਥਵਾ ਸਤਿਗੁਰਾਂ ਦਾ ਸ਼ਬਦ ਰੂਪ ਉਪਦੇਸ਼ ਸੁਰਤਿ ਸੁਣ ਕਰ ਕੇ ਓਸ ਵਿਚ ਲਿਵ ਇਕਸਾਰ ਬਿਰਤੀ ਟਿਕਾਇਆਂ, ਬਜਰ ਸਮਾਨ ਅਨਭੇਦ ਭੇਦਨ ਨਾ ਹੋ ਸਕਨ ਵਾਲੇ ਅਤ੍ਯੰਤ ਦ੍ਰਿੜ ਕਪਾਟ ਕਿਵਾੜ ਮਾਇਆ ਅਵਿਦ੍ਯਾ ਦੇ ਆਵਰਣ ਰੂਪ ਪੜਦੇ ਖੁਲ ਆਉਂਦੇ ਹਨ, ਅਰੁ ਇਉਂ ਰਸਨ ਰਸੀਲਾ ਪ੍ਰੇਮ ਰਸ ਅੰਮ੍ਰਿਤ ਨਿਧਾਨ ਅੰਮ੍ਰਿਤ ਦਾ ਭੰਡਾਰ ਇਸ ਨੂੰ ਪੀਣ ਵਾਸਤੇ ਪ੍ਰਾਪਤ ਹੋ ਜਾਂਦਾ ਹੈ। ਅਥਵਾ ਇਸ ਭਾਂਤ ਕਿਵਾੜ ਖੁੱਲਨ ਸਾਰ ਪ੍ਰੇਮ ਰਸ ਅਨੁਭਵ ਰਸ ਵਿਚ ਰਸਨ ਪਰਚ ਜਾਨ ਕਰ ਕੇ ਅੰਮ੍ਰਿਤ ਦਾ ਭੰਡਾਰ ਰੂਪ ਹੀ ਸ੍ਵਯੰ ਗੁਰੂ ਕਾ ਸਿੱਖ ਬਣ ਜਾਂਦਾ ਹੈ।

ਚਰਨ ਕਮਲ ਮਕਰੰਦ ਬਾਸਨਾ ਸੁਬਾਸ ਹਸਤ ਪੂਜਾ ਪ੍ਰਨਾਮ ਸਫਲ ਸੁ ਗਿਆਨ ਹੈ ।

ਸਤਿਗੁਰਾਂ ਦੇ ਚਰਣ ਕਮਲਾਂ ਦੀ ਮਕਰੰਦ ਰਜ = ਧੂਲੀ ਦੀ ਬਾਸਨਾ ਸੁਗੰਧੀ ਕਰ ਕੇ ਸੁਬਾਸ ਸੁਗੰਧੀਵਾਨ ਵਾ ਸੁਬਾਸ ਆਤਮ ਪਦ ਵਾਸੀ ਹੋ ਜਾਂਦਾ ਹੈ। ਅਤੇ ਹੱਥਾਂ ਨੂੰ ਪੂਜਾ ਵਾ ਪ੍ਰਣਾਮ ਨਮਸਕਾਰ ਸਮੇਂ ਰਚਣ ਸਪਰਸ਼ ਕਰਦਿਆਂ ਸਫਲੇ ਬਨਾਉਣ ਸਾਰ ਸੁ ਗ੍ਯਾਨ ਸ੍ਵੈ ਗਿਆਨ ਸ੍ਰੇਸ਼ਟ ਗਿਆਨ ਆਤਮ ਗਿਆਨ ਇਸ ਨੂੰ ਹੋ ਜਾਂਦਾ ਹੈ।

ਅੰਗ ਅੰਗ ਬਿਸਮ ਸ੍ਰਬੰਗ ਮੈ ਸਮਾਇ ਭਏ ਮਨ ਮਨਸਾ ਥਕਤ ਬ੍ਰਹਮ ਧਿਆਨ ਹੈ ।੧੮।

ਸੋ ਇਸ ਭਾਂਤ ਅੰਗ ਅੰਗ ਕਰ ਕੇ ਸਿਬਮ ਅਚੰਭਿਤ ਆਪ੍ਯੋਂ ਬਾਹਰ ਹੋਇਆ ਹੋਇਆ ਸ੍ਰਬੰਗ ਸਰਬ ਸਰੂਪੀ ਵਾਹਿਗੁਰੂ ਵਿਖੇ ਲੀਨ ਹੋ ਕੇ ਮਨ ਦੀਆਂ ਕਲਪਨਾਂ ਜਦ ਥਕਿਤ ਹੋ ਹੁੱਟ ਜਾਂਦੀਆਂ ਹਨ, ਤਦ ਨਿਸਚੇ ਕਰੋ ਕਿ ਇਹੀ ਬ੍ਰਹਮ ਧਿਆਨ ਬ੍ਰਹਮ ਪ੍ਰਾਇਣੀ ਅਵਸਥਾ ਹੈ। ਅਥਵਾ ਐਸੀ ਅਵਸਥਾ ਵਾਲੇ ਗੁਰਸਿੱਖ ਨੂੰ ਬ੍ਰਹਮ ਗਿਆਨ ਸੰਪੰਨ ਬ੍ਰਹਮਗਿਆਨੀ ਬ੍ਰਹਮ ਹੀ ਧਿਆਨ ਵਿਚ ਲਿਆਈ ਦਾ ਹੈ ॥੧੮॥


Flag Counter