ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 412


ਜਉ ਪੈ ਦੇਖਿ ਦੀਪਕ ਪਤੰਗ ਪਛਮ ਨੋ ਤਾਕੈ ਜੀਵਨ ਜਨਮੁ ਕੁਲ ਲਾਛਨ ਲਗਾਵਈ ।

ਜੇਕਰ ਦੀਵੇ ਨੂੰ ਦੇਖ ਕੇ ਪਤੰਗਾ ਪਿਛਾਹਾਂ ਵੱਲ ਤੱਕੇ ਤਾਂ ਐਸਾ ਕਰਨ ਨਾਲ ਉਹ ਅਪਣੇ ਜੀਊਨ ਜਿੰਦਗੀ ਨੂੰ ਜਨਮ ਫੰਬਟ ਹੋਣ ਨੂੰ ਤਥਾ ਜਿਸ ਫੰਬਟਾਂ ਦੀ ਬੰਸ ਵਿਚ ਜੰਮਿਆ ਹੈ ਓਸ ਕੁਲ ਨੂੰ ਉਹ ਲਾਛਨ ਧੱਬਾ ਲਗੌਂਦਾ ਹੈ।

ਜਉ ਪੈ ਨਾਦ ਬਾਦ ਸੁਨਿ ਮ੍ਰਿਗ ਆਨ ਗਿਆਨ ਰਾਚੈ ਪ੍ਰਾਨ ਸੁਖ ਹੁਇ ਸਬਦ ਬੇਧੀ ਨ ਕਹਾਵਈ ।

ਜੇਕਰ ਘੰਡਾਹੇੜੇ ਦੇ ਬਾਜੇ ਦੀ ਨਾਦ ਧੁਨੀ ਨੂੰ ਸੁਣ ਕੇ ਮ੍ਰਿਗ ਹਿਰਣ ਹੋਰ ਗਿਆਨ ਵਿਚ ਰਚੇ ਅਰਥਾਤ ਕਿਸ ਲਈ ਐਵੇਂ ਜਾਨ ਅਜਾਈਂ ਗੁਵੌਣੀ ਹੈ, ਇਹ ਤਾਂ ਪ੍ਰਤੱਖ ਸ਼ਿਕਾਰੀ ਦਾ ਹੀ ਪ੍ਰਪੰਚ ਰਚਿਆ ਹੋਯਾ ਹੈ; ਐਸੀਆਂ ਐਸੀਆਂ ਦਲੀਲਾਂ ਭਰੀਆਂ ਚਤੁਰਾਈਆਂ ਵਿਚ ਪਰਚੇ ਤਾਂ ਪ੍ਰਾਣਾਂ ਓਸ ਦਿਆਂ ਨੂੰ ਤਾਂ ਸੁਖ ਹੋ ਜਾਊ, ਜਾਨ ਬਚ ਜਾਊ, ਪਰ ਸ਼ਬਦ ਬੇਧੀ ਸ਼ਬਦ ਧੁਨੀ ਸੁਨਣ ਸਾਰ ਹੀ ਘਾਯਲ ਫਟੜ ਹੋ ਮਰਣ ਵਾਲਾ ਇਹ ਜੋ ਓਨਾਂ ਦੀ ਬੰਸ ਦਾ ਖਿਤਾਬ ਨਾਮ ਭੂਖਣ ਹੈ, ਓਸ ਸੰਜੁਗਤ ਨਹੀਂ ਕਹਾ ਸਕੇਗਾ।

ਜਉ ਪੈ ਜਲ ਸੈ ਨਿਕਸ ਮੀਨ ਸਰਜੀਵ ਰਹੈ ਸਹੈ ਦੁਖ ਦੂਖਨਿ ਬਿਰਹੁ ਬਿਲਖਾਵਈ ।

ਜੇਕਰ ਇਸੇ ਤਰ੍ਹਾਂ ਮਛਲੀ ਜਲ ਵਿਚੋਂ ਬਾਹਰ ਨਿਕਲ ਕੇ ਜੀਉਂਦੀ ਰਹੇ ਤਾਂ ਦੁੱਖਾਂ ਨੂੰ ਭੀ ਸਹੇਗੀ ਤੇ ਦੂਖਣਾ ਕੁਲ ਕਲੰਕ ਭੀ ਸਹਿਣਾ ਪਊ ਅਤੇ ਨਾਲ ਹੀ ਵਿਛੋੜੇ ਵਿਚ ਭੀ ਬ੍ਯਾਕੁਲ ਹੋਈ ਕੀਰਣੇ ਪਾਵੇਗੀ।

ਸੇਵਾ ਗੁਰ ਗਿਆਨ ਧਿਆਨ ਤਜੈ ਭਜੈ ਦੁਬਿਧਾ ਕਉ ਸੰਗਤ ਮੈ ਗੁਰਮੁਖ ਪਦਵੀ ਨ ਪਾਵਈ ।੪੧੨।

ਤਿਸੀ ਪ੍ਰਕਾਰ ਹੀ ਸਤਿਗੁਰੂ ਦੇ ਗਿਆਨ ਉਪਦੇਸ਼ ਸੁਨਣ ਤਥਾ ਧਿਆਨ ਉਸ ਦੀ ਕਮਾਈ ਕਮੌਣ ਵਿਚ ਜੁਟਨ ਨੂੰ ਤ੍ਯਾਗ ਕੇ ਜੋ ਸੇਵਾ ਵੱਲੋਂ ਭੱਜੇ ਯਾ ਦੁਬਿਧਾ ਦੁਚਿਤਾਈ ਨੂੰ ਭਜੇ ਅੰਗੀਕਾਰ ਕਰੇਗਾ ਤਾਂ ਸੰਗਤ ਅੰਦਰ ਓਸ ਨੂੰ ਗੁਰਮੁਖਾਂ ਵਾਲੀ ਪਦਵੀ ਨਹੀਂ ਪ੍ਰਾਪਤ ਹੋਵੇਗੀ ॥੪੧੨॥


Flag Counter